ਮੁਹਾਲੀ ਜ਼ਿਲ੍ਹੇ 'ਚ ਖੁੱਲ੍ਹੇਗਾ ਪਹਿਲਾ ਮਨੁੱਖੀ ਮਿਲਕ ਬੈਂਕ : ਮਿਲਕ ਬੈਂਕ 'ਚ 6 ਮਹੀਨੇ ਲਈ ਸਟੋਰ ਕੀਤਾ ਜਾਵੇਗਾ ਦੁੱਧ

ਏਜੰਸੀ

ਖ਼ਬਰਾਂ, ਪੰਜਾਬ

ਇਹ ਮਿਲਕ ਬੈਂਕ ਹਸਪਤਾਲ ਦੇ ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿਚ ਸਥਾਪਿਤ ਕੀਤਾ ਜਾਵੇਗਾ

photo

 

ਮੁਹਾਲੀ : ਬੱਚੇ ਨੂੰ ਜਨਮ ਦੇ ਅੱਧੇ ਘੰਟੇ ਦੇ ਅੰਦਰ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਪੀਣਾ ਜ਼ਰੂਰੀ ਹੁੰਦਾ ਹੈ ਪਰ ਕਿਸੇ ਕਾਰਨ ਕਈ ਬੱਚਿਆਂ ਨੂੰ ਇਹ ਦੁੱਧ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਬੱਚਿਆਂ ਵਿਚ ਕੁਪੋਸ਼ਣ ਦੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਖਾਸ ਕਰਕੇ ਅਜਿਹੇ ਬੱਚਿਆਂ ਲਈ ਕਈ ਸ਼ਹਿਰਾਂ ਵਿਚ ਹਿਊਮਨ ਮਿਲਕ ਬੈਂਕ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਬੈਂਕਾਂ ਵਿਚ ਮਾਂ ਦਾ ਦੁੱਧ ਉਸੇ ਤਰ੍ਹਾਂ ਮਿਲਦਾ ਹੈ ਜਿਵੇਂ ਅਸੀਂ ਬਲੱਡ ਬੈਂਕ ਵਿਚ ਜਾ ਕੇ ਖੂਨ ਲੈਂਦੇ ਹਾਂ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਅਜਿਹੇ ਬੈਂਕਾਂ ਨੂੰ ਬਣਾਉਣ ਲਈ ਫੰਡਿੰਗ ਕਰਦੀ ਹੈ।

ਇਸ ਤਰ੍ਹਾਂ ਦਾ ਪਹਿਲਾ ਮਨੁੱਖੀ ਮਿਲਕ ਬੈਂਕ ਮੁਹਾਲੀ ਜ਼ਿਲ੍ਹੇ ਵਿਚ ਵੀ ਖੋਲ੍ਹਿਆ ਜਾ ਰਿਹਾ ਹੈ। ਅਜਿਹਾ ਪਹਿਲਾ ਮਨੁੱਖੀ ਮਿਲਕ ਬੈਂਕ ਫੇਜ਼-6 ਸਥਿਤ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨੂੰ ਆਉਣ ਵਾਲੇ 2 ਮਹੀਨਿਆਂ ਤਕ ਸ਼ੁਰੂ ਕਰ ਦਿਤਾ ਜਾਵੇਗਾ। ਮੈਡੀਕਲ ਕਾਲਜ ਵਲੋਂ ਇਸ ਮਨੁੱਖੀ ਮਿਲਕ ਬੈਂਕ ਨੂੰ ਅਗਸਤ ਮਹੀਨੇ ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਮੈਡੀਕਲ ਕਾਲਜ ਵਲੋਂ ਹਿਊਮਨ ਮਿਲਕ ਬੈਂਕ ਸਥਾਪਤ ਕਰਨ ਲਈ ਇਸ ਨਾਲ ਸਬੰਧਤ ਲੋੜੀਂਦੀ ਮਸ਼ੀਨਰੀ ਅਤੇ ਉਪਕਰਨ ਖ਼ਰੀਦਣ ਦੀ ਪ੍ਰਕਿਰਿਆ ਵਿਚ ਹੈ।

ਇਹ ਮਿਲਕ ਬੈਂਕ ਹਸਪਤਾਲ ਦੇ ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿਚ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਅਜਿਹਾ ਕੋਈ ਮਿਲਕ ਬੈਂਕ ਨਹੀਂ ਸੀ। ਭਾਵੇਂ ਚੰਡੀਗੜ੍ਹ ਪੀਜੀਆਈ ਵਿਚ ਮਨੁੱਖੀ ਮਿਲਕ ਬੈਂਕ ਸਥਾਪਤ ਕੀਤਾ ਗਿਆ ਹੈ। ਪਰ ਟ੍ਰਾਈਸਿਟੀ ਵਿਚ ਸ਼ਾਮਲ ਪੰਚਕੂਲਾ ਅਤੇ ਮੁਹਾਲੀ ਵਿਚ ਹੁਣ ਤਕ ਇਹ ਸਹੂਲਤ ਨਹੀਂ ਹੈ। ਪਰ ਹੁਣ ਮੁਹਾਲੀ ਵਿਚ ਵੀ ਅਜਿਹਾ ਮਿਲਕ ਬੈਂਕ ਸਥਾਪਤ ਕੀਤਾ ਜਾ ਰਿਹਾ ਹੈ।