Abohar News : ਵਿਧਵਾ ਔਰਤ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ, ਧੀਆਂ ਦੇ ਵਿਆਹ ਲਈ ਰੱਖੇ ਸੀ ਗਹਿਣੇ ਤੇ ਪੈਸੇ

ਏਜੰਸੀ

ਖ਼ਬਰਾਂ, ਪੰਜਾਬ

ਵਿਧਵਾ ਔਰਤ ਮਮਤਾ ਨੇ ਦੱਸਿਆ ਕਿ ਉਸ ਨੇ ਇਹ ਸਾਰਾ ਗਹਿਣਾ ਅਤੇ ਨਕਦੀ ਆਪਣੀਆਂ ਧੀਆਂ ਦੇ ਵਿਆਹ ਲਈ ਰੱਖੀ ਸੀ

Abohar

Abohar News : ਅਬੋਹਰ ਦੇ ਸੰਤ ਨਗਰ 'ਚ ਰਹਿਣ ਵਾਲੀ ਅਤੇ ਲੋਕਾਂ ਦੇ ਘਰਾਂ 'ਚ ਸਾਫ਼ ਸਫ਼ਾਈ ਦਾ ਕੰਮ ਕਰਨ ਵਾਲੀ ਵਿਧਵਾ ਮਹਿਲਾ ਦੇ ਘਰ ਬੀਤੀ ਰਾਤ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਵਿਧਵਾ ਔਰਤ ਨੇ ਬੜੀ ਮਿਹਨਤ ਨਾਲ ਆਪਣੀ ਧੀ ਦੇ ਵਿਆਹ ਲਈ ਸੋਨੇ ਦੇ ਗਹਿਣੇ ਤਿਆਰ ਕਰਵਾਏ ਸਨ, ਜਿਸ ਨੂੰ ਚੋਰਾਂ ਨੇ ਚੋਰੀ ਕਰ ਲਿਆ, ਜਿਸ ਤੋਂ ਬਾਅਦ ਔਰਤ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਮਤਾ ਵਿਧਵਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸਿਰਸਾ ਵਿੱਚ ਰਹਿੰਦਾ ਹੈ ਅਤੇ ਜਿਸ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ 'ਚ ਉਸਦਾ ਭਰਾ ਜ਼ਖਮੀ ਹੋ ਗਿਆ ਜਦਕਿ ਉਸ ਦੀ ਭਰਜਾਈ ਦੀ ਮੌਤ ਹੋ ਗਈ ਸੀ। ਜਿਸ ਕਰਕੇ ਉਹ ਆਪਣੇ ਭਰਾ ਦੇ ਘਰ ਮਿਲਣ ਗਈ ਹੋਈ ਸੀ।

ਉਸ ਦੀਆਂ ਦੋਵੇਂ ਧੀਆਂ ਵੀ ਉਸ ਦੇ ਨਾਲ ਗਈਆਂ ਹੋਈਆਂ ਸਨ। ਪਿਛਲੇ ਦੋ ਮਹੀਨਿਆਂ ਤੋਂ ਉਸ ਦੇ ਘਰ ਕੋਈ ਨਹੀਂ ਸੀ। ਕੱਲ੍ਹ ਉਸ ਨੂੰ ਇੱਥੋਂ ਸੂਚਨਾ ਮਿਲੀ ਕਿ ਉਸ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਅੱਜ ਜਦੋਂ ਉਹ ਘਰ ਪਹੁੰਚੀ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਘਰ ਦੇ ਅੰਦਰੋਂ ਚਾਰ ਸੋਨੇ ਦੀਆਂ ਅੰਗੂਠੀਆਂ , ਤਿੰਨ ਜੋੜੇ ਸੋਨੇ ਦੇ ਟੌਪਸ, ਦੋ ਜੋੜੀਆਂ ਸੋਨੇ ਦੀਆਂ ਵਾਲੀਆ ਅਤੇ 50 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

ਧੀਆਂ ਦੇ ਵਿਆਹ ਲਈ ਰੱਖੇ ਸੀ ਗਹਿਣੇ ਅਤੇ ਪੈਸੇ 

ਵਿਧਵਾ ਔਰਤ ਮਮਤਾ ਨੇ ਦੱਸਿਆ ਕਿ ਉਸ ਨੇ ਇਹ ਸਾਰਾ ਗਹਿਣਾ ਅਤੇ ਨਕਦੀ ਆਪਣੀਆਂ ਧੀਆਂ ਦੇ ਵਿਆਹ ਲਈ ਰੱਖੀ ਸੀ। ਇੱਕ ਧੀ ਦਾ ਰੋਕਾ ਕੀਤਾ ਹੋਇਆ ਹੈ। ਜਿਸ ਲਈ ਇਹ ਗਹਿਣੇ ਕੰਮ ਆਉਣੇ ਸੀ ਪਰ ਉਹ ਇੰਨੇ ਵੱਡੇ ਨੁਕਸਾਨ ਦੀ ਭਰਪਾਈ ਸਾਰੀ ਉਮਰ ਨਹੀਂ ਕਰ ਸਕੇਗੀ। ਇਸ ਸਬੰਧੀ ਥਾਣਾ ਸਿਟੀ ਵਨ ਦੇ ਇੰਚਾਰਜ ਨਵਪ੍ਰੀਤ ਨਾਲ ਨੇ ਦੱਸਿਆ ਕਿ ਪੁਲਸ ਆਪਣੇ ਪੱਧਰ 'ਤੇ ਜਾਂਚ ਕਰੇਗੀ।