Sri Anandpur Sahib News: ਸਰਕਾਰੀ ਸਕੂਲਾਂ ’ਚ ਚੱਲੀ ਵਿਕਾਸ ਦੀ ਲਹਿਰ, ਸਿੱਖਿਆ ਕ੍ਰਾਤੀ ਦੀ ਮੂੰਹ ਬੋਲਦੀ ਤਸਵੀਰ: ਹਰਜੋਤ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ 1.49 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ

The wave of development in government schools is a telling picture of the education revolution: Harjot Bains

ਚੰਡੀਗੜ੍ਹ/ਕੀਰਤਪੁਰ ਸਾਹਿਬ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ 1.49 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ  ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਆਪਕ ਵਿਕਾਸ ਪ੍ਰੋਜੈਕਟ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਪਰਿਵਰਤਨ ਲਿਆਉਣਗੇ ਜੋ ਸੂਬੇ ਸਰਕਾਰ ਦੀ ਵਿਦਿਅਕ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਇਹ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਇਹਨਾਂ ਸਕੂਲਾਂ ਨੂੰ ਕਰੋੜਾਂ ਰੁਪਏ ਦੀਆਂ ਹੋਰ ਗ੍ਰਾਂਟਾਂ ਵੀ ਅਲਾਟ ਕੀਤੀਆਂ ਜਾਣਗੀਆਂ।

ਉਨ੍ਹਾਂ ਨੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਵਿੱਚ 17 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜਦੋਂ ਕਿ ਸਰਕਾਰੀ ਪ੍ਰਾਇਮਰੀ ਸਕੂਲ, ਜੀਓਵਾਲ ਨੂੰ ਹੌਲਿਸਟਿਕ ਪਲਾਨ ਤਹਿਤ 40 ਲੱਖ ਰੁਪਏ ਪ੍ਰਾਪਤ ਹੋਏ; ਸਰਕਾਰੀ ਪ੍ਰਾਇਮਰੀ ਸਕੂਲ, ਮੱਸੇਵਾਲ ਦੀ 7.51 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ; ਸਰਕਾਰੀ ਪ੍ਰਾਇਮਰੀ ਸਕੂਲ, ਚੀਕਣਾ ਨੂੰ ਮੁਰੰਮਤ ਲਈ 7.64 ਲੱਖ ਰੁਪਏ; ਸਰਕਾਰੀ ਪ੍ਰਾਇਮਰੀ ਸਕੂਲ, ਬਰੂਵਾਲ ਨੂੰ ਮੁਰੰਮਤ ਲਈ 7.51 ਲੱਖ ਰੁਪਏ ਅਲਾਟ ਕੀਤੇ ਗਏ; ਸਰਕਾਰੀ ਪ੍ਰਾਇਮਰੀ ਸਕੂਲ, ਦਬੂੜ (ਲੋਅਰ) ਨੂੰ ਚਾਰਦੀਵਾਰੀ ਦੀ ਉਸਾਰੀ ਲਈ 18 ਲੱਖ ਰੁਪਏ ਅਤੇ ਮੁਰੰਮਤ ਲਈ 2.55 ਲੱਖ ਰੁਪਏ ਪ੍ਰਾਪਤ ਹੋਏ; ਸਰਕਾਰੀ ਪ੍ਰਾਇਮਰੀ ਸਕੂਲ, ਮਝੇੜ ਨੂੰ ਚਾਰਦੀਵਾਰੀ ਲਈ 60,000 ਰੁਪਏ ਅਤੇ ਮੁਰੰਮਤ ਲਈ 2.55 ਲੱਖ ਰੁਪਏ ਅਲਾਟ ਕੀਤੇ ਗਏ; ਸਰਕਾਰੀ ਪ੍ਰਾਇਮਰੀ ਸਕੂਲ, ਦਬੂੜ ਅੱਪਰ ਨੂੰ ਚਾਰਦੀਵਾਰੀ ਲਈ 2 ਲੱਖ ਰੁਪਏ ਅਤੇ ਮੁਰੰਮਤ ਲਈ 2.55 ਲੱਖ ਰੁਪਏ ਪ੍ਰਾਪਤ ਹੋਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਮੋੜਾ ਨੂੰ ਚਾਰਦੀਵਾਰੀ ਦੀ ਉਸਾਰੀ ਲਈ 13.4 ਲੱਖ ਰੁਪਏ ਅਲਾਟ ਕੀਤੇ ਗਏ।

ਇਸੇ ਤਰ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਸੇਵਾਲ ਦੇ ਵਿਆਪਕ ਨਵੀਨੀਕਰਨ 'ਤੇ 17 ਲੱਖ ਰੁਪਏ ਖਰਚ ਕੀਤੇ ਗਏ, ਜਦੋਂ ਕਿ ਸਰਕਾਰੀ ਮਿਡਲ ਸਕੂਲ, ਡਬੂੜ (ਲੋਅਰ) ਦੀ ਚਾਰਦੀਵਾਰੀ ਦੀ ਉਸਾਰੀ 'ਤੇ 9 ਲੱਖ ਰੁਪਏ ਖਰਚ ਕੀਤੇ ਗਏ।

ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲ ਹੁਣ ਵਿਆਪਕ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਸੁਰੱਖਿਆ ਗਾਰਡ, ਕੈਂਪਸ ਪ੍ਰਬੰਧਨ ਪ੍ਰਣਾਲੀਆਂ, ਆਵਾਜਾਈ ਸੇਵਾਵਾਂ, ਵਾਈ-ਫਾਈ ਕਨੈਕਟੀਵਿਟੀ, ਅਤਿ-ਆਧੁਨਿਕ ਸਾਇੰਸ ਲੈਬਾਂ, ਵਧੀਆ ਲਾਇਬ੍ਰੇਰੀਆਂ, ਆਧੁਨਿਕ ਫਰਨੀਚਰ, ਸਮਰਪਿਤ ਸਟਾਫ ਰੂਮ, ਵਿਸ਼ਾਲ ਕਲਾਸਰੂਮ, ਪ੍ਰਬੰਧਕੀ ਦਫ਼ਤਰ, ਪਹੁੰਚਯੋਗਤਾ ਲਈ ਰੈਂਪ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਨਿੱਜੀ ਜਾਂ ਮਾਡਲ ਸਕੂਲਾਂ ਤੱਕ ਸੀਮਿਤ ਸਨ, ਹੁਣ ਉਹ ਸਹੂਲਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਪਲੱਬਧ ਹਨ ਜੋ ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਵਿਚਕਾਰ ਪਾੜੇ ਨੂੰ ਪੂਰਦੀਆਂ ਹਨ।

ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਇਮਾਰਤ ਵਿੱਚ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੱਸੇਵਾਲ ਸਕੂਲ ਵਿੱਚ 312 ਲੜਕਿਆਂ ਦੇ ਮੁਕਾਬਲੇ 321 ਲੜਕੀਆਂ ਦੀ ਗਿਣਤੀ ਦਾ ਹਵਾਲਾ ਦਿੰਦਿਆਂ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਦੇ ਦਾਖਲੇ ਵਿੱਚ ਵਾਧੇ ਦੇ ਸਕਾਰਾਤਮਕ ਰੁਝਾਨ ਨੂੰ ਵੀ ਉਜਾਗਰ ਕੀਤਾ ਜੋ ਲਿੰਗ ਸਮਾਨਤਾ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ। ਬੈਂਸ ਨੇ ਕਿਹਾ ਕਿ ਲਖੇੜ ਵਿੱਚ 'ਸਕੂਲ ਆਫ਼ ਹੈਪੀਨੈੱਸ' ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਚੰਗਰ ਖੇਤਰ ਦੇ ਬੱਚਿਆਂ ਨੂੰ ਦੂਰ ਦੂਰਾਂਡੇ ਜਾਏ ਬਿਨਾਂ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 'ਸਕੂਲ ਆਫ਼ ਐਮੀਨੈਂਸ' ਬਣਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਤਾਰਾਪੁਰ ਤੋ ਮੱਸੇਵਾਲ ਤੱਕ ਸੁਚਾਰੂ ਆਵਾਜਾਈ ਲਈ 18 ਫੁੱਟ ਚੋੜੀ ਸੜਕ ਦਾ ਤੋਹਫਾ ਚੰਗਰ ਵਾਸੀਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਰਾਪੁਰ ਤੋਂ ਸਮਲਾਹ ਤੱਕ ਸੜਕ ਦਾ ਨਿਰਮਾਣ ਤੇਜ਼ੀ ਨਾਲ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ।

ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਹਲਕੇ ਵਿੱਚ ਕਈ ਸੜਕਾਂ ਦੀ ਮੁਰੰਮਤ ਅਤੇ ਚੌੜਾਈ ਜਲਦ ਹੀ ਸ਼ੁਰੂ ਹੋ ਜਾਵੇਗੀ ਕਿਉਂਕਿ ਸਾਰੀਆਂ ਲੋੜੀਂਦੀਆਂ ਪ੍ਰਸ਼ਾਸਕੀ ਪ੍ਰਕਿਰਿਆਵਾਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਾਣੀਆਂ ਨੂੰ ਬਚਾਉਣ ਦੀ ਜੰਗ ਜਿੱਤ ਲਈ ਹੈ ਅਤੇ ਹੁਣ ਇਹ ਪਾਣੀ ਚੰਗਰ ਤੇ ਖੇਤਾਂ ਨੂੰ ਪਹੁੰਚਾਇਆ ਜਾਵੇਗਾ, ਜਿਸ ਨਾਲ ਇਹ ਇਲਾਕਾ ਹੋਰ ਖੁਸ਼ਹਾਲ ਹੋਵੇਗਾ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਸਨਮਾਨਿਤ ਕੀਤਾ, ਜੋ ਕਿ ਵਿਦਿਅਕ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਨੂੰ ਦਰਸਾਉਂਦਾ ਹੈ।