Panthak News:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਧੜੇ ਨਾਲ ਕਦੇ ਸਮਝੌਤਾ ਨਹੀਂ : ਪੰਜ ਮੈਂਬਰੀ ਭਰਤੀ ਕਮੇਟੀ
10 ਜੂਨ ਨੂੰ ਹੋਵੇਗੀ ਅਗਲੀ ਸਮੀਖਿਆ ਮੀਟਿੰਗ
Panthak News: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਅਗਵਾਈ ਹੇਠ ਪੰਜਾਬ ਭਰ ਦੇ ਸਰਗਰਮ ਆਗੂ ਸਾਹਿਬਾਨ ਅਤੇ ਵਰਕਰ ਸਾਹਿਬਾਨ ਨਾਲ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ।
ਇਸ ਸਮੀਖਿਆ ਮੀਟਿੰਗ ਵਿੱਚ ਹਰ ਜ਼ਿਲ੍ਹੇ ਤੋਂ ਸਰਗਰਮ ਵਰਕਰਾਂ ਨੇ ਹਿੱਸਾ ਲਿਆ। ਸਭ ਤੋ ਪਹਿਲਾਂ ਹਾਜ਼ਰ ਵਰਕਰ ਸਾਹਿਬਾਨ ਤੋਂ ਹੁਣ ਤੱਕ ਭਰਤੀ ਮੁਹਿੰਮ ਸਬੰਧੀ ਜ਼ਰੂਰੀ ਸੁਝਾਅ ਅਤੇ ਫੀਡਬੈਕ ਲਈ ਗਈ। ਵੱਡੀ ਗਿਣਤੀ ਵਿੱਚ ਵਰਕਰਾਂ ਨੇ ਲਿਖਤੀ ਅਤੇ ਜੁਬਾਨੀ ਤੌਰ ਤੇ ਆਪਣੇ ਸੁਝਾਅ ਪੇਸ਼ ਕਰਦੇ ਹੋਏ ਕਿਹਾ ਕਿ, ਸਭ ਤੋਂ ਪਹਿਲਾਂ ਇੱਕ ਮੁੱਖ ਦਫਤਰ ਨੂੰ ਮਜ਼ਬੂਤ ਕੀਤਾ ਜਾਵੇ, ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਤੋ ਇਲਾਵਾਂ ਸਰਗਰਮ ਆਗੂਆਂ ਨਾਲ ਆਮ ਵਰਕਰ ਦਾ ਤਾਲਮੇਲ ਵਧਾਉਣ ਲਈ ਰਾਬਤਾ ਕਾਇਮ ਹੋਵੇ, ਭਰਤੀ ਸਬੰਧੀ 31 ਮਈ ਤੱਕ ਹੀ ਵੱਡੀਆਂ ਮੀਟਿੰਗ ਹੋਣ, ਠੋਸ ਏਜੰਡਾ ਤਿਆਰ ਕੀਤਾ ਜਾਵੇ, ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਵੀ ਅੱਗੇ ਜਾਕੇ ਜਰੂਰੀ ਸੁਧਾਰ ਅਤੇ ਨਿਯਮ ਤੈਅ ਕੀਤੇ ਜਾਣ। ਪਾਰਟੀ ਪਰਿਵਾਰਵਾਦ ਤੋਂ ਪੂਰੀ ਤਰਾਂ ਮੁਕਤ ਹੋਵੇ ਇਸ ਨੂੰ ਯਕੀਨੀ ਬਣਾਇਆ ਜਾਵੇ, ਸੰਗਠਨ ਵਿੱਚ ਅਜ਼ਾਰੇਦਾਰੀ ਵਾਲੀ ਭਾਵਨਾ ਨੂੰ ਖਤਮ ਕੀਤਾ ਜਾਵੇ,ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲ ਦਲ ਅਤੇ ਇਸ ਮੁਹਿੰਮ ਵਿੱਚੋ ਮਿਲਣ ਵਾਲੀ ਲੀਡਰਸ਼ਿਪ ਦੀ ਦਿਖ ਅਤੇ ਸੋਚ ਦਾ ਫ਼ਰਕ ਨਜਰ ਆਵੇ। ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ, ਧਰਮ ਉਪਰ ਸਿਆਸਤ ਭਾਰੂ ਨਾ ਪਵੇ, ਇਸ ਲਈ ਸਿਆਸੀ ਖੇਤਰ ਅਤੇ ਧਾਰਮਿਕ ਖੇਤਰ ਅਜ਼ਾਦਦਾਨਾ ਰੂਪ ਵਿਚ ਪ੍ਰਭਾਸ਼ਿਤ ਹੋਣ। ਪੰਥ ਦੀ ਚੜ੍ਹਦੀ ਕਲਾ ਅਤੇ ਨੌਜਵਾਨੀ ਨੂੰ ਧਰਮ ਨਾਲ ਜੋੜਨ ਲਈ ਅਤੇ ਆਗਾਮੀ ਐਸਜੀਪੀਸੀ ਵਿੱਚ ਪੂਰਨ ਸਮਰਪਿਤ ਸੇਵਾਦਾਰ ਭੇਜੇ ਜਾਣ ਇਸ ਲਈ ਰਾਗੀਆਂ, ਢਾਡੀਆਂ, ਕੀਰਤਨੀਆਂ ਸਮੇਤ ਸਮੁੱਚੀਆਂ ਪੰਥਕ ਧਿਰਾਂ ਤੋ ਸਹਿਯੋਗ ਮੰਗਿਆ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਸਮੀਖਿਆ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਆਉਣ ਦੀ ਬੇਨਤੀ ਕੀਤੀ। ਸਰਦਾਰ ਇਯਾਲੀ ਨੇ ਹੁਣ ਤੱਕ ਸੂਬੇ ਭਰ ਦੇ ਵਰਕਰਾਂ ਤੋ ਮਿਲੇ ਸਮਰਥਨ ਲਈ ਸਭ ਦਾ ਧੰਨਵਾਦ ਕੀਤਾ। ਸਰਦਾਰ ਇਯਾਲੀ ਨੇ ਕਿਹਾ ਕਿ ਪੂਰਾ ਪੰਥ ਅਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਮਨ ਬਣਾ ਚੁੱਕਾ ਹੈ। ਪੰਜਾਬ ਨਾਲ ਹੋਈਆਂ ਧੱਕੇਸ਼ਾਹੀਆ ਅਤੇ ਜਾਰੀ ਰੂਪ ਵਿੱਚ ਵਧੀਕੀਆਂ ਦਾ ਜਵਾਬ ਸਿਰਫ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ। ਸਰਦਾਰ ਇਯਾਲੀ ਨੇ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ,ਪਿਛਲੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਿਛਲੇ ਸਮੇਂ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਸ ਪੁਨਰ ਸੁਰਜੀਤੀ ਮੁਹਿੰਮ ਜਰੀਏ ਆਪਣੀ ਮਾਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਸਰਦਾਰ ਇਯਾਲੀ ਨੇ ਕਿਹਾ ਕਿ ਮੁੱਢਲੇ ਰੂਪ ਵਿੱਚ ਵਰਕਰਾਂ ਦੀ ਭਾਵਨਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਾਰੀਆਂ ਧਿਰਾਂ ਇੱਕ ਮੰਚ ਤੇ ਇਕੱਠਾ ਹੋਣ। ਸਰਦਾਰ ਇਯਾਲੀ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੋਏ ਧੜੇ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਹੋਵੇਗਾ। ਪੰਜਾਬ ਦੇ ਲੋਕਾਂ ਨੂੰ ਇੱਕ ਮਜ਼ਬੂਤ, ਤਾਕਤਵਰ ਰੂਪ ਵਿੱਚ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਦੇਣ ਲਈ ਵਚਨਬੱਧ ਹਾਂ। ਸਰਦਾਰ ਇਯਾਲੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ, ਅਸੀ ਸਾਰੇ ਆਪਣੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਨੂੰ ਪੁਨਰ ਸੁਰਜੀਤ ਕਰਨ ਲਈ ਆਪਣਾ ਕਾਰਜ ਕਰ ਰਹੇ ਹਾਂ। ਇਸ ਲਈ ਸਾਨੂੰ ਕਿਸੇ ਧਿਰ ਜਾਂ ਲੀਡਰਸ਼ਿਪ ਤੋ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ, ਸਾਡੇ ਕੋਲ 1920 ਤੋਂ ਆਪਣਾ ਵਿਧਾਨ ਹੈ, ਆਪਣਾ ਨਿਸ਼ਾਨ ਅਤੇ ਆਪਣਾ ਦਫਤਰ ਹੈ,ਸੰਗਤ ਦੇ ਮਿਲ ਰਹੇ ਹੁੰਗਾਰੇ ਅਤੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਇਤਿਹਾਸ ਮੁਤਾਬਿਕ ਪੰਥ ਅਤੇ ਸੰਗਤ ਨੂੰ ਪ੍ਰਵਾਨ ਲੀਡਰਸ਼ਿਪ ਇਸ ਦੀ ਅਸਲੀ ਵਾਰਿਸ ਹੋਵੇਗੀ।
ਇਸ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਨਿੱਜ ਪ੍ਰਸਤ ਅਤੇ ਪਰਿਵਾਰ ਪ੍ਰਸਤ ਸੋਚ ਵਾਲੀ ਲੀਡਰਸ਼ਿਪ ਦੀ ਅਗਵਾਈ ਦਾ ਖੁਮਿਆਜਾ ਅੱਜ ਪੰਥ ਅਤੇ ਪੰਥ ਦੀ ਨੁਮਾਇੰਦਾ ਖੇਤਰੀ ਪਾਰਟੀ ਭੁਗਤ ਰਹੀ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਪੂਰਤੀ ਇੰਨ ਬਿੰਨ ਹੋਵੇਗੀ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅੱਜ ਪੰਥ ਦੀ ਨੁਮਾਇਦਾ ਜਮਾਤ ਉਪਰ ਕਾਬਜ ਅਖੌਤੀ ਅਤੇ ਗੁਰੂ ਤੋ ਮੂੰਹ ਫੇਰੀ ਲੀਡਰਸ਼ਿਪ ਫ਼ਸੀਲ ਤੋ ਬਣੀ ਕਮੇਟੀ ਮੈਬਰਾਂ ਦੀ ਭਾਵਨਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਤੇ ਸਵਾਲ ਖੜੇ ਕਰਦੀ ਹੈ। ਸਰਦਾਰ ਝੂੰਦਾਂ ਨੇ ਅਖੌਤੀ ਲੀਡਰਸ਼ਿਪ ਨੂੰ ਦੋ ਟੁੱਕ ਜਵਾਬ ਦਿੰਦੇ ਕਿਹਾ ਕਿ, ਸਭ ਕੁਝ ਪੰਥ ਦੇ ਸਾਹਮਣੇ ਹੈ, ਫੈਸਲਾ ਪੰਥ ਨੇ ਕਰਨਾ ਹੈ। ਲੜਾਈ ਸਿਧਾਂਤਾ ਅਤੇ ਅਸੂਲਾਂ ਦੀ ਹੈ। ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਲੀਡਰਸ਼ਿਪ ਦੇਣ ਲਈ ਹਰ ਘਰ ਦੇ ਦਰਵਾਜੇ ਤੱਕ ਜਾਇਆ ਜਾਵੇਗਾ।
ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਪੰਜਾਬ ਹੀ ਨਹੀਂ ਸਗੋ ਸਾਡੇ ਬਾਹਰ ਬੈਠੇ ਪੰਜਾਬੀਆਂ ਪਰਿਵਾਰਾਂ ਦੀ ਨਜਰ ਇਸ ਭਰਤੀ ਤੇ ਲੱਗੀ ਹੋਈ ਹੈ। ਸਭ ਚਾਹੁੰਦੇ ਹਨ ਕਿ ਪੰਜਾਬ ਅਤੇ ਪੰਥ ਨੂੰ ਅਜਿਹੀ ਲੀਡਰਸ਼ਿਪ ਮਿਲੇ ਜਿਹੜੀ ਟੁੱਟ ਚੁੱਕੇ ਸਿਆਸੀ ਵਿਸ਼ਵਾਸ ਦੀ ਪੂਰਤੀ ਕਰ ਸਕੇ।
ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਵਰਕਰ ਸਾਹਿਬਾਨਾਂ ਦੇ ਹਰ ਸਵਾਲ ਦਾ ਜਵਾਬ ਦਿੰਦੇ, ਵਰਕਰ ਸਾਹਿਬਾਨਾਂ ਦੇ ਤੌਖਲੇ ਨੂੰ ਦੂਰ ਕੀਤਾ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਅੱਜ ਹਰ ਪੰਜਾਬੀ ਚਾਹੁੰਦਾ ਹੈ ਕਿ ਉਸ ਦੀ ਆਪਣੀ ਸਿਆਸੀ ਤਾਕਤ ਮਜ਼ਬੂਤ ਹੋਵੇ। ਇਸ ਲਈ ਓਹਨਾ ਦੀ ਪੂਰੀ ਕੋਸ਼ਿਸ਼ ਹੈ ਸਰਵ ਪ੍ਰਵਾਨਿਤ ਲੀਡਰਸ਼ਿਪ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਦੇ ਹੋਏ, ਮਜ਼ਬੂਤ ਹੱਥਾਂ ਵਿੱਚ ਦਿੱਤਾ ਜਾਵੇ।
ਅੱਜ ਦੀ ਸਮੀਖਿਆ ਮੀਟਿੰਗ ਵਿੱਚ ਬਿਖਰੀ ਹੋਈ ਅਤੇ ਕਮਜੋਰ ਹੋਈ ਪੰਥਕ ਸ਼ਕਤੀ ਦੇ ਚਿੰਤਾ ਪ੍ਰਗਟ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ, ਪੰਥਕ ਹਲਕਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਅੱਜ ਹਰ ਸਿੱਖ ਚਿੰਤਤ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ, ਇਹ ਦਿਨ ਇਸ ਲਈ ਵੇਖਣ ਨੂੰ ਮਿਲ ਰਹੇ ਹਨ, ਕਿਉ ਸਾਡੀ ਆਪਣੀ ਨੁਮਾਇਦਾ ਸਿਆਸੀ ਜਮਾਤ ਦੀ ਲੀਡਰਸ਼ਿਪ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਨਹੀਂ ਦਿੱਤਾ।
ਇਸ ਸਮੀਖਿਆ ਮੀਟਿੰਗ ਵਿੱਚ ਆਪਣੇ ਸੁਝਾਅ ਪੇਸ਼ ਕਰਦੇ ਹੋਏ ਮਿਸਲ ਸਤਲੁਜ ਦੇ ਆਗੂ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਅੱਜ ਵੱਡੀ ਅਤੇ ਡੂੰਘੀ ਪੱਧਰ ਤੇ ਪੰਥਕ ਅਤੇ ਸਿਆਸੀ ਖਲਾਅ ਪੈਦਾ ਹੋ ਚੁੱਕਾ ਹੈ। ਇਸ ਖਲਾਅ ਨੂੰ ਪੂਰਾ ਕਰਨ ਦਾ ਸਹੀ ਰਸਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਹੋਏ ਹੁਕਮਨਾਮਾ ਸਾਹਿਬ ਨੇ ਜਰੂਰ ਦਿਖਾ ਦਿੱਤਾ, ਪਰ ਹੁਣ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਜਿੱਥੇ ਭਰਤੀ ਕਮੇਟੀ ਮੈਬਰਾਂ ਤੋ ਉਮੀਦ ਹੈ ਉਥੇ ਹੀ ਸੂਬੇ ਭਰ ਦੇ ਲੋਕਾਂ ਤੋਂ ਵੀ ਆਸ ਹੈ ਕਿ ਨਿਗਾਹੇ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਓਹਨਾ ਦਾ ਵੀ ਸਾਥ ਮਿਲੇਗਾ।
ਇਸ ਸਮੀਖਿਆ ਮੀਟਿੰਗ ਵਿੱਚ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਜਿੱਥੇ ਮੰਚ ਤੋਂ ਵਰਕਰ ਸਾਹਿਬਾਨਾਂ ਨੂੰ ਲੀਡਰਸ਼ਿਪ ਦੇ ਰੂਬਰੂ ਕਰਵਾਇਆ ਉਥੇ ਹੀ 18 ਮਾਰਚ ਤੋਂ ਲੈਕੇ ਹੁਣ ਤੱਕ ਭਰਤੀ ਸਬੰਧੀ ਭੇਜੀ ਗਈ ਮੈਂਬਰਸ਼ਿਪ ਅਤੇ ਵਾਪਿਸ ਆ ਚੁੱਕੀ ਭਰਤੀ ਦੀ ਜਾਣਾਕਰੀ ਵੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਸਾਂਝਾ ਕੀਤੀ ਗਈ।
ਅੱਜ ਦੀ ਅਹਿਮ ਸਮੀਖਿਆ ਮੀਟਿੰਗ ਵਿਚ ਸੂਬੇ ਭਰ ਤੋਂ ਜਿੱਥੇ ਸਰਗਰਮ ਵਰਕਰ ਸਾਹਿਬਾਨਾਂ ਨੇ ਹਾਜ਼ਰੀ ਲਗਵਾਈ ਉਥੇ ਹੀ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਐਸਜੀਪੀਸੀ ਪ੍ਰਧਾਨ,ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ, ਬਲਦੇਵ ਸਿੰਘ ਮਾਨ ਸਾਬਕਾ ਮੰਤਰੀ,ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ,ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਸਾਂਸਦ, ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ,ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ,ਬਰਜਿੰਦਰ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਲਾਂਡਰਾਂ ਮੈਬਰ,ਐਸਜੀਪੀਸੀ,ਕਰਨੈਲ ਸਿੰਘ ਪੀਰਮੁਹੰਮਦ, ਰਾਜ ਬਲਵਿੰਦਰ ਸਿੰਘ ਮਰਾੜ, ਗੁਰਿੰਦਰ ਸਿੰਘ ਗੋਗੀ ਸਮੇਤ ਹਰ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ।