ਆਪ ਦੀ ਪੱਤਰਕਾਰ ਮਿਲਣੀ 'ਚ ਖਹਿਰਾ ਤੇ ਡਾ. ਬਲਬੀਰ ਆਪਸ ਵਿਚ ਖਹਿਬੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਨਵੀਂ ਸਰਕਾਰ ਦੇ ਆਉਣ ਤੋਂ ਹੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਘਿਰੇ ਵਿਧਾਇਕਾਂ 'ਚ ਪ੍ਰਮੁੱਖਤਾ ਨਾਲ ਸ਼ੁਮਾਰ ਰਹੇ ਰੋਪੜ ਤੋਂ ਆਮ ਆਦਮੀ ਪਾਰਟੀ ...

Kanwar Sandhu Calming Down Journalist

ਚੰਡੀਗੜ੍ਹ,ਪੰਜਾਬ 'ਚ ਨਵੀਂ ਸਰਕਾਰ ਦੇ ਆਉਣ ਤੋਂ ਹੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ 'ਚ ਘਿਰੇ ਵਿਧਾਇਕਾਂ 'ਚ ਪ੍ਰਮੁੱਖਤਾ ਨਾਲ ਸ਼ੁਮਾਰ ਰਹੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਹੀ ਅੱਜ ਮਾਈਨਿੰਗ ਮਾਫ਼ੀਆ ਵਲੋਂ ਚਿੱਟੇ ਦਿਨ ਹਮਲਾ ਕਰ ਦਿਤਾ ਗਿਆ।ਆਪਣੇ ਵਿਧਾਇਕ ਦੇ ਬਚਾਅ 'ਚ ਪਾਰਟੀ ਦੇ ਵਿਧਾਨਕਾਰ ਅਤੇ ਜਥੇਬੰਦਕ ਢਾਂਚੇ ਦੇ ਨੇਤਾਵਾਂ ਵਲੋਂ ਇਥੇ ਸੱਦੀ ਗਈ ਪ੍ਰੈੱਸ/ਮੀਡੀਆ  ਕਾਨਫ਼ਰੰਸ ਵੀ ਅੰਦੂਰਨੀ ਤੌਰ ਉਤੇ ਪਾਰਟੀ ਪਾਟੋਧਾੜ ਦਾ ਸ਼ਿਕਾਰ ਹੋ ਚੁਕੀ ਹੋਣ ਦਾ ਸਬੱਬ ਹੋ ਨਿਬੜੀ।

ਗੱਲ ਉਦੋਂ ਵਧੀ ਜਦੋਂ ਵਿਧਾਇਕ ਸੰਦੋਆ ਉਤੇ ਹਮਲੇ ਬਾਰੇ ਪਾਰਟੀ ਆਗੂਆਂ ਖਾਸਕਰ ਵਿਧਾਨ ਸਭਾ 'ਚ ਪਾਰਟੀ ਦੇ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਸੂਬਾਈ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਹੋਰਨਾਂ ਆਗੂਆਂ ਦਾ ਪੱਖ ਰਖਿਆ ਗਿਆ ਹੋਣ ਮਗਰੋਂ ਪੱਤਰਕਰਾਂ ਨੇ ਸੁਆਲ ਜੁਆਬ ਸ਼ੁਰੂ ਕੀਤੇ।
ਹਾਲੀਆ ਦਿਨਾਂ ਦੌਰਾਨ ਸਿੱਖ ਰੈਫਰੈਂਡਮ 2020 ਦੇ ਮੁੱਦੇ ਉਤੇ ਨਾਜ਼ੁਕ ਦੌਰ 'ਚ ਲੰਘ ਰਹੀ ਆਪ ਦੇ ਉਕਤ ਚੋਟੀ ਦੇ ਦੋਵੇਂ ਸੂਬਾਈ ਆਗੂ ਆਪਸੀ ਵਖਰੇਵਿਆਂ ਕਾਰਨ ਵੀ ਵੱਧ ਚਰਚਾ 'ਚ ਬਣੇ ਹੋਏ ਹਨ।

ਇਹ ਗੱਲ ਉਦੋਂ ਹੋਰ ਪੱਕੀ ਹੋ ਗਈ ਜਦੋਂ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਮੋਢੇ ਨਾਲ ਮੋਢਾ ਜੋੜੀ ਬੈਠੇ ਵਿਚਾਰਧਾਰਕ ਤੌਰ ਉਤੇ ਵੀ ਆਪਸ 'ਚ ਹੀ ਖਹਿਬੜੇ ਗਏ।ਪੱਤਰਕਾਰਾਂ ਵਲੋਂ ਦੋਵਾਂ ਨੇਤਾਵਾਂ ਦੇ 'ਫੋਨ ਵਿਵਾਦ' ਬਾਰੇ ਸਪਸ਼ਟੀਕਰਨ ਮੰਗਿਆ ਕਿ ਡਾ. ਬਲਬੀਰ ਸਿੰਘ ਤਾਂ ਆਖ ਰਹੇ ਸਨ ਕਿ ਰੈਫਰੰਡਮ 2020 ਮਾਮਲੇ 'ਤੇ ਉਨ੍ਹਾਂ ਖਹਿਰਾ ਨੂੰ ਪੰਜ ਵਾਰ ਫ਼ੋਨ ਕਾਲ ਕੀਤੀ, ਪਰ ਦੂਜੇ ਬੰਨੇ  ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਡਾ. ਬਲਬੀਰ ਸਿੰਘ ਦੀ ਮਹਿਜ਼ ਇਕੋ ਕਾਲ ਆਈ ਸੀ। 

ਮੌਕੇ ਦੀ ਨਜ਼ਾਕਤ ਵੇਖਦਿਆਂ ਭਾਵੇਂ ਅੱਜ ਡਾ. ਬਲਬੀਰ ਸਿੰਘ ਇਸ ਮਸਲੇ ਨੂੰ ਅਣਗੌਲਿਆਂ ਕਰਨ ਦੇ ਰਉਂ 'ਚ ਵੀ ਨਜ਼ਰ ਆਏ ਪਰ ਖਹਿਰਾ ਪ੍ਰੈੱਸ ਕਾਨਫ਼ਰੰਸ ਸਮਾਪਤੀ ਤੋਂ ਪਹਿਲਾਂ ਹੀ ਤੁਰਦੇ ਵੀ ਬਣੇ।ਗੱਲ ਇਥੇ ਹੀ ਨਹੀਂ ਮੁੱਕੀ। ਪ੍ਰੈੱਸ ਕਾਰਫਰੰਸ ਦੌਰਾਨ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਬਾਰੇ ਪੱਤਰਕਾਰਾਂ ਦੇ ਸਵਾਲ ਵਧਦੇ ਵੇਖ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਉਲਟਾ ਪੱਤਰਕਾਰਾਂ ਨਾਲ ਹੀ ਬਦਕਲਾਮੀ ਸ਼ੁਰੂ ਕਰ ਦਿਤੀ।

ਉਨ੍ਹਾਂ ਮੀਡੀਆ 'ਤੇ ਭੜਾਸ ਕਢਦਿਆਂ ਕਿਹਾ ਕਿ ਮੀਡੀਆ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸੇ ਦੌਰਾਨ ਨਾਮੀਂ ਪੱਤਰਕਾਰ ਰਹਿ ਚੁਕੇ ਅਤੇ ਪਾਰਟੀ ਦੇ ਇਕ ਹੋਰ ਵਿਧਾਇਕ ਕੰਵਰ ਸੰਧੂ ਨੇ ਵਿਧਾਇਕ ਸੰਧਵਾਂ ਦੀ ਪੱਤਰਕਾਰਾਂ ਨਾਲ ਬਦਕਲਾਮੀ ਲਈ ਮੀਡੀਆ ਤੋਂ ਮਾਫੀ ਮੰਗੀ। ਇਸੇ ਦੌਰਾਨ ਦੂਜੇ ਪਾਰਟੀ ਨੇਤਾ ਅਤੇ ਵਿਧਾਇਕ ਵੀ ਵਿਧਾਇਕ ਸੰਧਵਾਂ ਨੂੰ ਵਰਜਦੇ ਨਜ਼ਰ ਆਏ।