ਚੰਡੀਗੜ੍ਹ: ਬਲਾਤਕਾਰ ਪੀੜਤਾਂ 'ਚੋਂ 60 ਫ਼ੀ ਸਦੀ ਮਾਸੂਮ ਬੱਚੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਵਰਗੇ ਖ਼ੂਬਸੂਰਤ ਸ਼ਹਿਰ ਵਿਚ ਔਰਤਾਂ ਵਿਰੁਧ ਅਪਰਾਧਕ ਵਾਰਦਾਤਾਂ ਵਿਚ ਵਾਧਾ ਹੋਇਆ.....

Rape

ਚੰਡੀਗੜ੍ਹ : ਚੰਡੀਗੜ੍ਹ ਵਰਗੇ ਖ਼ੂਬਸੂਰਤ ਸ਼ਹਿਰ ਵਿਚ ਔਰਤਾਂ ਵਿਰੁਧ ਅਪਰਾਧਕ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਕਾਰਨ ਚੰਡੀਗੜ੍ਹ ਦਾ ਅਕਸ ਪਿਛਲੇ ਕੁੱਝ ਸਮੇਂ ਤੋਂ ਪੂਰੇ ਦੇਸ਼ ਵਿਚ ਖ਼ਰਾਬ ਹੋਇਆ ਹੈ। ਹਾਲ ਹੀ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਨਾਬਾਲਗ਼ ਲੜਕੀਆਂ ਗਰਭਵਤੀ ਤਕ ਹੋ ਗਈਆਂ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਜਨਮ ਦਿਤਾ। ਚੰਡੀਗੜ੍ਹ ਪੁਲਿਸ ਤੋਂ ਮਿਲੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਦੋ ਮਹੀਨਆਂ ਵਿਚ ਹੀ ਬਲਤਾਕਾਰ ਦੇ 10 ਮਾਮਲੇ ਦਰਜ ਕੀਤੇ ਗਏ ਸਨ।

ਇਸ ਤੋਂ ਬਾਅਦ ਇਹ ਅੰਕੜਾ ਵਧਦਾ ਹੀ ਗਿਆ। ਸਾਲ 2015 'ਚ ਸ਼ਹਿਰ ਵਿਚ ਬਲਾਤਕਾਰ ਦੀ ਧਾਰਾ 376 ਤਹਿਤ 78 ਮਾਮਲੇ ਦਰਜ ਕੀਤੇ ਗਏ ਸਨ। ਸਾਲ 2016 ਵਿਚ ਵੀ ਇਹ ਗਿਣਤੀ ਲਗਭਗ ਬਰਾਬਰ ਹੀ ਰਹੀ ਅਤੇ ਕੁਲ 72 ਮਾਮਲੇ ਦਰਜ ਕੀਤੇ ਗਏ। ਸਾਲ 2017 ਦੀ ਗੱਲ ਕਰੀਏ ਤਾਂ ਕੁਲ 68 ਮਾਮਲੇ ਬਲਾਤਕਾਰ ਦੇ ਦਰਜ ਕੀਤੇ ਗਏ। ਨੈਸ਼ਨਲ ਕਰਾਈਮ ਰੀਪੋਰਟ ਬਿਉਰੋ (ਐਨ ਸੀ ਆਰ ਬੀ) ਵਲੋਂ ਜਾਰੀ ਕੀਤੀ ਗਈ ਤਾਜ਼ਾ ਕਰਾਈਮ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਸ਼ਹਿਰ ਵਿਚ ਦਰਜ ਹੋਣ ਵਾਲੇ 95 ਫ਼ੀ ਸਦੀ ਬਲਾਤਕਾਰ ਦੇ ਮਾਮਲਿਆਂ ਵਿਚ ਪੀੜਤ ਅਤੇ ਮੁਲਜ਼ਮ ਪਹਿਲਾਂ ਤੋਂ ਇਕੋ ਦੂਜੇ ਨੂੰ ਜਾਣਦੇ ਸਨ,

ਜਿਨ੍ਹਾਂ ਵਿਚ ਪਿਤਾ, ਭਰਾ, ਗੁਆਂਢੀ, ਮਿੱਤਰ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਐਨ.ਸੀ.ਆਰ.ਬੀ. ਮੁਤਾਬਕ ਜਬਰ-ਜਨਾਹ ਦਾ ਸ਼ਿਕਾਰ ਹੋਣ ਵਾਲੀਆਂ 60 ਫ਼ੀਸ ਦੀ ਪੀੜਤਾਂ ਨਾਬਾਲਗ਼ ਸਨ। 2016 ਵਿਚ ਨਾਬਾਲਗ਼ਾਂ ਨਾਲ ਬਲਾਤਕਾਰ ਦੇ 41 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਜਾ ਕੇ ਗਰਭਵਤੀ ਹੋਣ ਦਾ ਲੱਗਾ ਪਤਾ : ਇਸ ਦੇ ਨਾਲ ਹੀ ਹਰ ਸਾਲ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਔਰਤਾਂ ਨਾਲ ਜਬਰ-ਜ਼ਨਾਹ ਦੇ ਵੱਧ ਰਹੇ ਮਾਮਲਿਆਂ ਦਾ ਦਰਜ ਹੋਣਾ ਸਮਾਜ ਅਤੇ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ ਨਾਬਾਲਗ਼ ਲੜਕੀ ਨੂੰ ਢਿੱਡ ਵਿਚ ਸ਼ਿਕਾਇਤ ਹੋਣ 'ਤੇ ਹਸਪਤਾਲ

ਲਿਜਾਇਆ ਗਿਆ ਜਿਥੇ ਜਾਂਚ ਦੌਰਾਨ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਹਾਲਾਂਕਿ ਪੁਲਿਸ ਜ਼ਿਆਦਾਤਰ ਇਨ੍ਹਾਂ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਕਾਬੂ ਕਰ ਚੁਕੀ ਹੈ। ਪਿਛਲੇ ਸਾਲ 10 ਸਾਲਾ ਨਾਬਲਾਗ਼ ਬੱਚੀ ਨੂੰ ਗਰਭਵਤੀ ਬਣਾਉਣ ਵਾਲੇ ਦੋ ਮਾਮਿਆਂ ਦਾ ਮਾਮਲਾ ਪੂਰੇ ਦੇਸ਼ ਵਿਚ ਸੁਰਖੀਆਂ 'ਚ ਰਿਹਾ ਹੈ। ਇਸ ਮਾਮਲੇ ਵਿਚ ਅਦਾਲਤ ਦੋਸ਼ੀਆਂ ਨੂੰ ਸਜ਼ਾ ਦੇ ਚੁਕੀ ਹੈ। ਇਸ ਤੋਂ ਇਲਾਵਾ 21 ਸਾਲਾ ਲੜਕੀ ਨਾਲ ਸਮੂਹਕ ਜਬਰ-ਜ਼ਨਾਹ ਦੇ ਮਾਮਲੇ ਨੇ ਸ਼ਹਿਰ ਵਿਚ ਔਤਰਾਂ ਦੀ ਸੁਰੱਖਿਆ 'ਤੇ ਸਵਾਲੀਆਂ ਨਿਸ਼ਾਨ ਲਗਾ ਦਿਤਾ ਹੈ। ਪੁਲਿਸ ਨੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਬੀਤੇ ਮੰਗਲਵਾਰ ਸੈਕਟਰ-26 ਵਿਚ ਇਕ ਮੁਟਿਆਰ ਨੂੰ

ਪਿਆਰ ਦੇ ਜਾਲ ਵਿਚ ਫਸਾ ਕੇ ਨੌਜਵਾਨ ਨੇ ਉਸ ਨਾਲ ਜਬਰ-ਜਨਾਹ ਕੀਤਾ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੁਲਦੀਪ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਅਜਿਹੇ ਅਪਰਾਧਾਂ ਦੀ ਦਰ ਘਟਣ ਦਾ ਨਾਂ ਨਹੀਂ ਲੈ ਰਹੀ। ਅਜਿਹੇ ਅਪਰਾਧਾਂ ਦੀਆਂ ਪੀੜਤ ਔਰਤਾਂ ਦੀ ਗਿਣਤੀ ਵਿਚ ਨਾਬਾਲਗ਼ ਬੱਚੀਆਂ ਵੀ ਸ਼ਾਮਲ ਹਨ। ਔਰਤਾਂ ਵਿਰੁਧ ਹੋ ਰਹੇ ਅਪਰਾਧ ਦੇ ਮਾਮਲਿਆਂ ਵਿਚ ਪੂਰੇ ਦੇਸ਼ ਵਿਚ ਚੰਡੀਗੜ੍ਹ ਦਾ ਸਥਾਨ 11ਵੇਂ ਨੰਬਰ 'ਤੇ ਹੈ ਅਤੇ ਯੂਨੀਅਨ ਟੈਰੀਟਰੀਜ਼ ਦੀ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਦੂਜੇ ਸਥਾਨ 'ਤੇ ਹੈ। ਯੂਨੀਅਨ ਟੈਰਟਰੀਜ਼ ਵਿਚ ਦਿੱਲੀ ਪਹਿਲੇ ਸਥਾਨ 'ਤੇ ਹੈ।