ਕੁੱਟਣ ਵਾਲੇ ਕਦੇ ਵਿਧਾਇਕ ਸੰਦੋਆ ਦੇ ਨੇੜਲੇ ਸਾਥੀ ਸਨ
ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਇਕਦਮ ਗਰਮਾ ਗਈ ਹੈ ਪਰ ਇਲਾਕੇ ਦੇ ਲੋਕਾਂ ਵਿਚ ਚਰਚਾ ਹੈ ....
ਰੂਪਨਗਰ, ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਇਕਦਮ ਗਰਮਾ ਗਈ ਹੈ ਪਰ ਇਲਾਕੇ ਦੇ ਲੋਕਾਂ ਵਿਚ ਚਰਚਾ ਹੈ ਕਿ ਵੀਡੀਉ 'ਚ ਲੜਾਈ ਕਰਨ ਵਾਲੇ ਵਿਅਕਤੀ ਵੀ ਕੋਈ ਹੋਰ ਨਹੀ ਸਗੋ ਉਹ ਲੋਕ ਹਨ ਜਿਨ੍ਹਾਂ ਦਿਨ ਰਾਤ ਮਿਹਨਤ ਕਰ ਕੇ ਸੰਦੋਆ ਨੂੰ ਜਿਤਾਇਆ ਸੀ।
ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵੀਡੀਉ ਵਿਚ ਆਉਣ ਵਾਲੇ ਅਜਵਿੰਦਰ ਸਿੰਘ ਬੇਈਹਾਰਾਂ, ਅਮਰਜੀਤ ਸਿੰਘ ਮੋਹਣ ਸਿੰਘ ਸਾਰੇ ਹੀ ਪਿੰਡ ਬੇਈਹਾਰਾਂ ਦੇ ਵਸਨੀਕ ਹਨ ਅਤੇ ਬਚਿੱਤਰ ਸਿੰਘ ਭਾਉਵਾਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾ ਸਿਰਫ਼ ਨਜ਼ਦੀਕ ਹਨ ਸਗੋਂ ਰਿਸ਼ਤੇਦਾਰੀਆਂ ਦਾ ਦਮ ਵੀ ਭਰਦੇ ਹਨ।
ਇਸ ਸ਼੍ਰੋਮਣੀ ਕਮੇਟੀ ਮੈਂਬਰ ਨੋ ਇਸ ਵਾਰੀ ਸੰਦੋਆ ਦੀ ਚੋਣਾਂ ਵਿੱਚ ਮਦਦ ਕੀਤੀ ਸੀ ਅਤੇ ਉਕਤ ਵਿਅਕਤੀਆਂ ਵਲੋਂ ਦਿਨ ਰਾਤ ਇਕ ਕਰ ਕੇ ਉਸ ਨੂੰ ਨਾਂ ਸਿਰਫ਼ ਜਿਤਾਇਆ ਸੀ ਸਗੋਂ ਜਿੱਤ ਤੋਂ ਬਾਅਦ ਵੀ ਨਾਲ ਰਹੇ ਹਨ। ਸ਼ੋਸਲ ਮੀਡੀਆ ਤੇ ਸੰਦੋਆ ਦੀ ਜਿੱਤ ਦੌਰਾਨ ਨੋਟਾਂ ਦੇ ਹਾਰ ਪਾ ਕੇ ਅਜਵਿੰਦਰ ਸਿੰਘ ਨਾਲ ਬੈਠੇ ਦੀ ਫ਼ੋਟੋ ਵੀ ਵਾਇਰਲ ਹੋ ਗਈ ਹੈ।
ਅੱਜ ਦੇਰ ਸ਼ਾਮ ਅਜਵਿੰਦਰ ਸਿੰਘ ਦੇ ਦਸਤਖਤਾ ਹੇਠ ਇਕ ਪ੍ਰੈਸ ਨੋਟ ਵੀ ਜਾਰੀ ਹੋ ਗਿਆ ਜਿਸ 'ਚ ਉਸ ਨੇ ਲਿਖਿਆ ਹੈ ਕਿ ਸਾਡਾ ਝਗੜਾ ਐਮ.ਐਲ.ਏ. ਵਲੋਂ ਗਾਲਾਂ ਕੱਢਣ ਤੋਂ ਬਾਅਦ ਸ਼ੁਰੂ ਹੋਇਆ ਸੀ ਅਤੇ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਅਤੇ ਬੜੀ ਮਿਹਨਤ ਕਰਕੇ ਸੰਦੋਆ ਨੂੰ ਐਮ.ਐਲ.ਏ. ਬਣਾਇਆ ਸੀ। ਉਨ੍ਹਾਂ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਕਰੱਸ਼ਰ ਜੇ.ਸੀ.ਬੀ. ਵਾਲਿਆਂ ਨੂੰ ਉਹ ਬਲੈਕਮੇਲ ਕਰਦਾ ਹੈ ਅਤੇ 5 ਤੋਂ 10 ਲੱਖ ਰੁਪਏ ਦੀ ਮੰਗ ਕਰਦਾ ਹੈ। ਜੋ ਪੈਸੇ ਨਹੀਂ ਦਿੰਦਾ ਉਸ ਦੀ ਵੀਡੀਉ ਬਣਾ ਕੇ ਤੰਗ ਕਰਦਾ ਹੈ। ਉਨ੍ਹਾਂ ਪ੍ਰੈਸ ਨੋਟ ਵਿਚ ਕਿਹਾ ਕਿ ਸਮਾਂ ਆਉਣ ਤੇ ਸਬੂਤ ਵੀ ਦੇਵਾਂਗੇ।