ਬਰਨਾਲਾ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਕੀਤਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਔਰਤਾਂ ਸਮੇਤ ਦਸ ਵਿਅਕਤੀ ਗ੍ਰਿਫ਼ਤਾਰ

File

ਬਰਨਾਲਾ, 21 ਜੂਨ (ਜਗਦੇਵ ਸਿੰਘ ਸੇਖੋਂ) : ਬਰਨਾਲਾ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫ਼ਾਸ਼ ਕਰਦੇ ਹੋਏ ਤਿੰਨ ਔਰਤਾਂ ਅਤੇ ਸੱਤ ਮਰਦਾਂ ਵਿਰੁਧ ਕੇਸ ਦਰਜ ਕੀਤਾ ਹੈ। ਨੇੜਲੇ ਪਿੰਡ ਛੀਨੀਵਾਲ ਖੁਰਦ ਤੋਂ ਅਪਣੇ ਘਰ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀ ਔਰਤ ਅਤੇ ਉਸ ਦੇ ਪੁੱਤਰ ਸਮੇਤ ਸੱਤ ਵਿਅਕਤੀਆਂ ਅਤੇ ਤਿੰਨ ਔਰਤਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਸੀ.ਆਈ.ਏ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਚਰਨਜੀਤ ਕੌਰ ਨਾਮੀ ਔਰਤ ਅਪਣੇ ਘਰ ਵਿਚ ਪਿਛਲੇ ਕਰੀਬ 6 ਮਹੀਨਿਆਂ ਤੋਂ ਚਕਲਾ ਚਲਾ ਰਹੀ ਹੈ, ਇਸ ਮੁਖ਼ਬਰੀ ਦੇ ਅਧਾਰ ਉਤੇ ਅੱਜ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਰੇਡ ਕਰਦਿਆਂ ਉਸ ਘਰ ਵਿਚੋਂ ਤਿੰਨ ਔਰਤਾਂ ਅਤੇ ਸੱਤ ਵਿਅਕਤੀਆਂ ਨੂੰ ਰੰਗਰਲੀਆਂ ਮਨਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ।

ਘਰ ਦੀ ਮਾਲਕਣ ਚਰਨਜੀਤ ਕੌਰ ਅਤੇ ਉਸ ਦੇ ਪੁੱਤਰ ਬਲਵੀਰ ਸਿੰਘ ਵਲੋਂ ਅਪਣੇ ਹੀ ਘਰ ਵਿਚ ਕਾਫ਼ੀ ਸਮੇਂ ਤੋਂ ਹੋਰ ਜ਼ਿਲ੍ਹਿਆਂ ਵਿਚੋਂ ਮੁੰਡੇ-ਕੁੜੀਆਂ ਨੇ ਠਹਿਰ ਬਣਾਈ ਹੋਈ ਸੀ। ਚਰਨਜੀਤ ਕੌਰ ਅਤੇ ਉਸ ਦੇ ਪੁੱਤਰ ਬਲਵੀਰ ਸਿੰਘ ਸਮੇਤ ਦੋ ਹੋਰ ਔਰਤਾਂ, ਦੋ ਵਿਅਕਤੀ ਵਾਸੀ ਰਾਮਗੜ, ਇਕ ਵਿਅਕਤੀ ਵਾਸੀ ਗਹਿਲਾਂ, ਦੋ ਵਿਅਕਤੀ ਵਾਸੀ ਹਠੂਰ ਅਤੇ ਇਕ ਵਿਅਕਤੀ ਵਾਸੀ ਚਕਰ ਕੁਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਥਾਣਾ ਟੱਲੇਵਾਲ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਬਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਮੋਟਰਸਾਈਕਲ ਅਤੇ ਇਕ ਐਕਟਿਵਾ ਸਮੇਤ 34,500 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ।