ਕੌਮਾਂਤਰੀ ਮੰਚ 'ਤੇ ਉਭਰ ਰਹੇ ਭਾਰਤ ਦੀ ਸਰਦਾਰੀ ਨੂੰ ਚੀਨ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦੀ ਏਸ਼ੀਆ 'ਚ ਚੌਧਰ ਤੋਂ ਚੀਨ ਬੇਹੱਦ ਖ਼ਫ਼ਾ ਹੈ

Sikh

ਅੰਮ੍ਰਿਤਸਰ, 21 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਕੌਮਾਂਤਰੀ ਮੰਚ 'ਤੇ ਉਭਰ ਰਹੇ ਭਾਰਤ ਦੀ ਸਰਦਾਰੀ ਨੂੰ ਚੀਨ ਨੇ ਕਦੇ ਪ੍ਰਵਾਨ ਨਹੀਂ ਕੀਤਾ। ਸੰਨ 1949 'ਚ ਅਜ਼ਾਦ ਹੋਏ ਕਮਿਊਨਿਸਟ ਚੀਨ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਦੋਸਤੀ ਪਾਈ। ਪੰਚਸ਼ੀਲ ਬਣਾਏ ਅਤੇ ਇਨ੍ਹਾਂ ਮੁਤਾਬਕ ਚੱਲਣ ਦਾ ਪ੍ਰਣ ਲਿਆ ਪਰ ਦਲਾਈਲਾਮਾ ਨੂੰ ਸ਼ਰਨ ਦੇਣ 'ਤੇ ਚੀਨ ਨੇ ਸੰਨ 1962 'ਚ ਭਾਰਤ 'ਤੇ ਹਮਲਾ ਕਰ ਦਿਤਾ।

ਇਸ ਮੌਕੇ  ਭਾਰਤੀ ਰਖਿਆ ਮੰਤਰੀ ਕ੍ਰਿਸ਼ਨਾ ਮੈਨਨ ਦੀ ਬਹੁਤ ਖਿਚਾਈ ਹੋਈ ਤੇ ਉਸ ਨੂੰ ਅਸਤੀਫ਼ਾ ਦੇਣਾ ਪੈ ਗਿਆ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਅਜਿਹਾ ਸਦਮਾ ਲੱਗਾ ਕਿ ਉਹ 27 ਮਈ 1964 ਨੂੰ ਸਦੀਵੀ ਵਿਛੋੜਾ ਦੇ ਗਏ। ਪੰਡਤ ਨਹਿਰੂ ਨੇ ਭਾਰਤੀ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਸੀ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਮੇਰੀ ਵਿਸ਼ਵ ਪੱਧਰ 'ਤੇ ਹੇਠੀ ਹੋਈ ਹੈ।

ਉਸ ਤੋਂ ਬਾਅਦ ਭਾਵੇ ਚੀਨ ਨਾਲ ਦੂਤ ਪੱਧਰ 'ਤੇ, ਅਧਿਕਾਰੀ ਪੱਧਰ 'ਤੇ ਚੰਗੇ ਸਬੰਧਾਂ ਦੀਆਂ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਪਰ ਚੀਨ ਨੇ ਕਦੇ ਵੀ ਦਿਲੋਂ ਭਾਰਤ ਨਾਲ ਪਿਆਰ ਨਹੀਂ ਕੀਤਾ। ਚੀਨ ਦੀ ਇਕੋ ਇਕ ਨੀਤੀ ਹੈ ਕਿ ਏਸ਼ੀਆ ਦਾ ਸਰਦਾਰ ਬਣੇ ਪਰ ਕਾਫ਼ੀ ਮੁਲਕ ਉਸ ਨੂੰ ਪਸੰਦ ਨਹੀਂ ਕਰਦੇ। ਪਾਕਿਸਤਾਨ ਨਾਲ ਉਸ ਦੀ ਦੋਸਤੀ ਭਾਰਤ ਕਾਰਨ ਹੈ। ਇਹ ਚੀਨ ਦਾ ਸੁਭਾਅ ਰਿਹਾ ਹੈ ਕਿ ਉਸ ਨੇ ਜੋ ਵਿਖਾਵਾ ਕੀਤਾ ਉਸ ਦੇ ਉਲਟ ਫ਼ੈਸਲਾ ਲਿਆ।

ਇਸ ਦੀ ਮਿਸਾਲ ਸਵਰਗੀ ਸਾਬਕਾ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹੈ ਜੋ ਚੰਗੇ ਸਬੰਧਾਂ ਲਈ ਚੀਨ ਗਏ ਤਾਂ ਚੀਨ ਨੇ ਇਕ ਪਾਸੇ ਸਵਾਗਤ ਕੀਤਾ ਤੇ ਦੂਜੇ ਪਾਸੇ ਵੀਅਤਨਾਮ 'ਤੇ ਹਮਲਾ ਕਰ ਦਿਤਾ। ਵਾਜਪਾਈ ਨੂੰ ਇਹ ਦੌਰਾ ਵਿਚਾਲੇ ਛੱਡ ਕੇ ਭਾਰਤ ਵਾਪਸ ਪਰਤਣਾ ਪਿਆ। 1976 'ਚ ਰਾਜਦੂਤ ਪੱਧਰ 'ਤੇ ਸਬੰਧ ਬਣੇ। ਉਸ ਤੋਂ ਬਾਅਦ ਕਰੀਬ 28 ਸਾਲਾਂ ਦੇ ਵਕਫ਼ੇ ਬਾਅਦ ਸੰਨ 1988 ਰਾਜੀਵ ਗਾਂਧੀ ਪ੍ਰਧਾਨ ਮੰਤਰੀ ਵਜੋਂ ਚੀਨ ਗਏ।

ਚੀਨ ਨੇ ਸਾਡੇ ਪ੍ਰਮਾਣੂ ਬੰਬਾਂ ਨੂੰ ਵੀ ਪਸੰਦ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਵੇਲੇ ਕੁੱਝ ਕੁੜੱਤਣ ਵਾਲਾ ਮਾਹੌਲ ਬਣਿਆ ਅਤੇ ਵਪਾਰਕ ਸਬੰਧ ਵੀ ਸੁਧਾਰਨ ਦੀ ਭਾਰਤ ਨੇ ਕੋਸ਼ਿਸ਼ ਕੀਤੀ। ਚੀਨ ਤਾਂ ਭਾਰਤ ਦੇ ਅਰੁਣਾਂਚਲ ਪ੍ਰਦੇਸ਼ ਨੂੰ ਵੀ ਅਪਣਾ ਇਲਾਕਾ ਸਮਝਦਾ ਹੈ ਪਰ ਇਹ ਦਿਲਚਸਪ ਕਹਾਣੀ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਦਾ ਅਧਿਕਾਰੀ ਅਪਣੇ ਗਰੁੱਪ ਨਾਲ ਚੀਨ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵੀਜ਼ਾ ਰੱਦ ਕਰ ਦਿਤਾ ਗਿਆ।

ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਲੱਦਾਖ ਭਾਰਤ ਦਾ ਅਤੁੱਟ ਅੰਗ ਹੈ ਇਹ ਹਮੇਸ਼ਾ ਜੰਮੂ-ਕਸ਼ਮੀਰ ਦਾ ਹਿੱਸਾ ਰਿਹਾ। ਅੰਗਰੇਜ਼ਾਂ ਵੇਲੇ ਵੀ ਲੱਦਾਖ ਭਾਰਤ ਦਾ ਸੀ। ਜ਼ਿਕਰਯੋਗ ਹੈ ਕਿ ਲੱਦਾਖ-ਚੀਨ ਸਰਹੱਦ ਤੇ ਨਿਸ਼ਾਨਦੇਹੀ ਨਹੀਂ ਹੋਈ ਪਰ ਦੋਵੇਂ ਮੁਲਕ ਸਦੀਆਂ ਪੁਰਾਣੀ ਬਾਊਂਡਰੀ ਲਾਈਨ ਨੂੰ ਮੰਨ ਕੇ ਚਲ ਰਹੇ ਹਨ ਪਰ ਚੀਨ ਦੇ ਮਨ ਵਿਚ ਖੋਟ ਹੈ। ਮਾਲ ਵਿਭਾਗ ਦੇ ਰੀਕਾਰਡ ਵਿਚ ਵੀ ਲੱਦਾਖ ਜੰਮੂ ਕਸ਼ਮੀਰ ਦਾ ਹਿੱਸਾ ਹੈ।

ਅਕਸਾਈ ਚਿੰਨ੍ਹ ਵੀ ਲੱਦਾਖ ਦਾ ਹਿੱਸਾ ਹੈ ਪਰ ਹੈਰਾਨਗੀ ਇਹ ਹੈ ਕਿ ਝਗੜੇ ਦਾ ਮੁਢ ਸੰਨ 1956-57 ਵਿਚ ਚੀਨ ਨੇ ਬੰਨ੍ਹਿਆ ਜਿਸ ਨੇ ਇਸ ਨਾਲ ਸੜਕ ਬਣਾ ਲਈ ਤਾਕਿ ਇਸ ਨੂੰ ਅਪਣੇ ਹਿਤਾਂ ਲਈ ਵਰਤਿਆ ਜਾ ਸਕੇ। ਲੱਦਾਖ ਦੇ ਸਜਰੇ ਝਗੜੇ ਦੀ ਗੱਲ ਕਰੀਏ ਤਾਂ ਬੜੀ ਹੈਰਾਨੀ ਵਾਲੀ ਹੈ ਕਿ ਚੀਨ ਨੇ ਛਲ ਕਪਟ ਦਾ ਆਸਰਾ ਲੈਦਿਆਂ ਇਕ ਪਾਸੇ ਭਾਰਤ ਨਾਲ ਡਿਪਲੋਮੈਟਿਕ ਪੱਧਰ 'ਤੇ ਦੋਹਾਂ ਦੇਸ਼ਾਂ ਦੇ ਲੈਫ਼ਟੀਨੈਟ ਜਨਰਲ ਪੱਧਰ ਦੇ ਅਧਿਕਾਰੀਆਂ ਅਹਿਮ ਬੈਠਕ ਕਰ ਕੇ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ।

ਦੂਜੇ ਪਾਸੇ ਗਵਲਾਨ ਘਾਟੀ 'ਚ ਬ੍ਰਿਗੇਡ ਪੱਧਰ ਦਾ ਅਸਲਾ ਇਕੱਠਾ ਕਰ ਕੇ ਭਾਰਤੀ ਫ਼ੌਜਾਂ 'ਤੇ ਉਸ ਵੇਲੇ ਹਮਲਾ ਕਰ ਦਿਤਾ ਜਦੋਂ ਭਾਰਤੀ ਕਰਨਲ ਅਪਣੇ ਜਵਾਨਾਂ ਨਾਲ ਇਹ ਪਤਾ ਕਰਨ ਗਿਆ ਕਿ ਡਿਪਲੋਮੈਟਿਕ ਗੱਲਬਾਤ ਨਾਲ ਚੀਨ ਨੇ ਫ਼ੌਜਾਂ ਵਾਪਸ ਕੀਤੀਆਂ ਹਨ ਪਰ ਘਾਤ ਲਾ ਕੇ ਬੈਠੇ ਦੁਸ਼ਮਣ ਨੇ ਸਾਡੇ ਕਰਨਲ ਤੇ ਕੁੱਝ ਜਵਾਨਾਂ ਨੂੰ ਸ਼ਹੀਦ ਕਰ ਦਿਤਾ। ਚੀਨੀਆਂ ਦੇ ਮਨ ਵਿਚ ਹੋਣ ਕਰ ਕੇ ਬੜਾ ਦੁੱਖ ਹੈ ਕਿ ਸਾਡਾ ਗੁਆਂਢੀ ਏਸ਼ੀਆ ਦੀ ਸਰਦਾਰੀ ਲਈ ਭਾਰਤ ਵਰਗੇ ਲੋਕਤੰਤਰ ਮੁਲਕ ਨੂੰ ਅਸਥਿਰ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਭਾਰਤ ਹੁਣ 1962 ਵਾਲਾ ਨਹੀਂ ਰਿਹਾ।