ਪੰਜਾਬ ਦੇ ਲੋਕਾਂ ਨੂੰ ਹਾਲੇ ਹੋਰ ਸਮਾਂ ਸਾਹਮਣਾ ਕਰਨਾ ਪੈ ਸਕਦੈ ਸਖ਼ਤ ਪਾਬੰਦੀਆਂ ਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਮੰਤਰੀ ਮੰਡਲ ਅੱਜ ਲੈ ਸਕਦਾ ਹੈ ਭਵਿੱਖ ਦੇ ਕਦਮਾਂ ਬਾਰੇ ਅਹਿਮ ਫ਼ੈਸਲੇ

Covid 19

ਚੰਡੀਗੜ੍ਹ, 21 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਲੋਕਾਂ ਨੂੰ ਹਾਲੇ ਕੋਰੋਨਾ ਮਹਾਂਮਾਰੀ ਕਾਰਨ ਇਕ ਮਹੀਨਾ ਹੋਰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਵਿਚ ਕੋਰੋਨਾ ਪੀੜਤਾਂ ਦੀਆਂ ਲਾਕਆਊਟ-1 ਸ਼ੁਰੂ ਹੋਣ ਤੋਂ ਬਾਅਦ ਵੱਧ ਰਹੀਆਂ ਮੌਤਾਂ ਅਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸਾਰੇ ਜ਼ਿਲ੍ਹਿਆਂ ਵਿਚ ਮੁੜ ਹਰ ਦਿਨ ਵਧਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਜੁਲਾਈ ਮਹੀਨੇ ਦੌਰਾਨ ਸਖ਼ਤ ਪਾਬੰਦੀਆਂ ਲਾਗੂ ਕਰ ਸਕਦੀ ਹੈ। ਭਾਵੇਂ ਕਿ ਕੁੱਝ ਹੋਰ ਵਾਜਬ ਛੋਟਾਂ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਕੱਠਾਂ ਵਾਲੀਆਂ ਛੋਟਾਂ ਖ਼ਤਮ ਹੋ ਸਕਦੀਆਂ ਹਨ।

ਕੋਰੋਨਾ ਕੇਸਾਂ ਦਾ ਅੰਕੜਾ ਇਹੀ ਰਿਹਾ ਤਾਂ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਣ ਬਾਅਦ 30 ਜੂਨ ਨੂੰ ਖ਼ਤਮ ਹੋਣ ਵਾਲੇ ਲਾਕਆਊਟ-1 ਬਾਅਦ ਸੂਬੇ ਵਿਚ ਮੁਕੰਮਲ ਲਾਕਡਾਊਨ ਮੁੜ ਵੀ ਲਾਗੂ ਹੋ ਸਕਦਾ ਹੈ ਪਰ ਚੁਕੇ ਜਾਣ ਵਾਲੇ ਕਦਮ 30 ਜੂਨ ਤੋਂ ਪਹਿਲਾਂ ਕੇਂਦਰ ਵਲੋਂ ਜਾਰੀ ਹੋਣ ਵਾਲੀਆਂ ਨਵੀਆਂ ਹਦਾਇਤਾਂ ਦੀ ਰੋਸ਼ਨੀ ਵਿਚ ਹੀ ਹੋਣਗੇ। ਜ਼ਿਕਰਯੋਗ ਹੈ ਕਿ 22 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਮੰਤਰੀ ਮੰਡਲ ਦੀ ਬੈਠਕ ਸੱਦੀ ਗਈ ਹੈ ਅਤੇ ਇਸ ਤੋਂ ਬਾਅਦ 24 ਨੂੰਸਰਬ ਪਾਰਟੀ ਮੀਟਿੰਗ ਵੀ ਹੈ।

ਸਰਕਾਰ ਰਾਜ ਦੀ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਸਟੇਟ ਮਾਹਰ ਕਮੇਟੀ ਦੀ ਸਲਾਹ ਮੁਤਾਬਕ 22 ਜੂਨ ਦੀ ਮੰਤਰੀ ਮੰਡਲ ਦੀ ਬੈਠਕ ਵਿਚ ਕੁੱਝ ਸਖ਼ਤ ਕਦਮ ਚੁਕਣ ਦਾ ਫ਼ੈਸਲਾ ਲੈ ਸਕਦੀ ਹੈ। ਪਤਾ ਲੱਗਾ ਹੈ ਕਿ ਪਬਲਿਕ ਤੇ ਨਿਜੀ ਟਰਾਂਸਪੋਰਟ ਦੀ ਆਵਾਜਾਈ ਨੂੰ ਮਿਲੀਆਂ ਖੁਲ੍ਹਾਂ 'ਤੇ ਵੀ ਮੁੜ ਵਿਚਾਰ ਹੋ ਸਕਦਾ ਹੈ ਕਿਉਂਕਿ ਲੋਕ ਇਸ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਬਿਨਾਂ ਸਾਵਧਾਨੀ ਵਰਤੇ ਇਧਰ ਉਧਰ ਚੋਰੀ ਛੁਪੇ ਰਹੇ ਹਨ ਤੇ ਬਾਹਰਲੇ ਰਾਜਾਂ ਤੋਂ ਵੀ ਨਿਜੀ ਵਾਹਨਾਂ ਰਾਹੀਂ ਕਈ ਲੋਕ ਆ ਰਹੇ ਹਨ। ਆਵਾਜਾਈ ਦੀ ਖੁਲ੍ਹ ਦੇਣ ਬਾਅਦ ਹੀ ਜ਼ਿਆਦਾ ਕੇਸ ਵਧਣੇ ਸ਼ੁਰੂ ਹੋਏ ਹਨ ਤੇ ਲੋਕ ਸਾਵਧਾਨੀਆਂ ਭੁੱਲ ਕੇ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਇਧਰ ਉਧਰ ਪਹਿਲਾਂ ਵਾਂਗ ਘੁੰਮਣ ਲੱਗੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਵਿਆਹਾਂ ਵਿਚ 50 ਵਿਅਕਤੀਆਂ ਤੇ ਅੰਤਮ ਸਸਕਾਰ ਵਿਚ 20 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਛੋਟ 'ਤੇ ਵੀ ਸਰਕਾਰ ਮੁੜ ਵਿਚਾਰ ਕਰ ਕੇ ਇਹ ਗਿਣਤੀ ਘੱਟ ਕਰ ਸਕਦੀ ਹੈ। ਆਮ ਪਬਲਿਕ ਦੀ ਆਵਾਜਾਈ 'ਤੇ ਸਖ਼ਤ ਰੋਕਾਂ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ ਮੰਤਰੀ ਮੰਡਲ ਦੀ ਬੈਠਕ ਵਿਚ ਜਿਥੇ ਸੂਬੇ ਦੇ ਵਿੱਤੀ ਹਾਲਾਤ 'ਤੇ ਚਰਚਾ ਕਰ ਕੇ ਵਿੱਤੀ ਸਾਧਨ ਜੁਟਾਉਣ ਬਾਰੇ ਚਰਚਾ ਹੋਵੇਗੀ ਉਥੇ ਕੋਰੋਨਾ ਮਹਾਂਮਾਰੀ ਦੇ ਮੌਕੇ ਮੈਡੀਕਲ ਸਟਾਫ਼ ਦੀਆਂ 7500 ਅਸਾਮੀਆਂ ਭਰਨ 'ਤੇ ਵੀ ਮੋਹਰ ਲੱਗ ਸਕਦੀ ਹੈ।