ਪੰਜਾਬ : ਕੋਰੋਨਾ ਪੀੜਤਾਂ ਦਾ ਕੁਲ ਅੰਕੜਾ ਹੋਇਆ 4100 ਤੋਂ ਪਾਰ
ਐਤਵਾਰ ਵਾਲੇ ਦਿਨ ਪੰਜਾਬ ਵਿਚ ਹਫ਼ਤਾਵਾਰੀ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਕੋਰਨਾ ਕਹਿਰ ਨਹੀਂ ਘਟਿਆ
ਚੰਡੀਗੜ੍ਹ, 21 ਜੂਨ (ਗੁਰਉਪਦੇਸ਼ ਭੁੱਲਰ): ਐਤਵਾਰ ਵਾਲੇ ਦਿਨ ਪੰਜਾਬ ਵਿਚ ਹਫ਼ਤਾਵਾਰੀ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਕੋਰਨਾ ਕਹਿਰ ਨਹੀਂ ਘਟਿਆ। 24 ਘੰਟੇ ਦੌਰਾਨ ਜਿੱਥੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਇਕ ਹੋਰ ਮੌਤ ਹੋਈ ਹੈ। ਉਥੇ ਸੂਬੇ ਵਿਚ ਵੱਖ-ਵੱਖ ਜ਼ਿਲ੍ਹਿਆ ਵਿਚੋਂ 150 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਈ ਬੀਤੇ ਦੋ ਦਿਨਾਂ ਵਿਚ ਜਲੰਧਰ ਵਿਚ ਕੋਰੋਨਾ ਬਲਾਸਟ ਤੋਂ ਬਾਅਦ ਅੱਜ ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਬਲਾਸਟ ਹੋਏ। ਸ਼ਾਮ ਤਕ ਦੀ ਰੀਪੋਰਟ ਮੁਤਾਬਕ ਲੁਧਿਆਣਾ ਵਿਚ 24 ਘੰਟੇ ਦੇ ਸਮੇਂ ਵਿਚ ਸੱਭ ਤੋਂ ਵੱਧ 61 ਪਾਜ਼ੇਟਿਵ ਮਾਮਲੇ ਆਏ ਹਨ।
ਇਸ ਸਮੇਂ ਅੰਮ੍ਰਿਤਸਰ ਵਿਚ ਪਾਜ਼ੇਟਿਵ ਮਾਮਲਿਆਂ ਦਾ ਕੁਲ ਅੰਕੜਾ 762 ਤਕ ਪਹੁੰਚ ਗਿਆ ਹੈ ਤੇ ਉਸ ਤੋਂ ਬਾਅਦ ਕੋਰੋਨਾ ਹੋਟ ਸਪਾਟ ਬਣੇ ਜ਼ਿਲ੍ਹਾ ਜਲੰਧਰ ਵਿਚ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 543 ਤੇ ਲੁਧਿਆਣਾ ਵਿਚ 550 ਤਕ ਪਹੁੰਚ ਗਈ ਹੈ। ਸੂਬੇ ਵਿਚ ਅੱਜ ਸ਼ਾਮ ਤਕ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਮੁਤਾਬਕ ਕੁੱਲ ਪਾਜ਼ਟਿਵ ਅੰਕੜਾ 4100 ਤੋਂ ਪਾਰ ਹੋ ਗਿਆ ਹੈ। ਅੱਜ 22 ਹੋਰ ਮਰੀਜ਼ ਠੀਕ ਹੋਣ ਨਾਲ ਕੁੱਲ ਗਿਣਤੀ 2700 ਹੋ ਗਈ ਹੈ। ਇਲਾਜ ਅਧੀਨ ਮਾਮਲੇ ਵੀ ਵਧੇ ਹਨ। ਜਿਨ੍ਹਾਂ ਦੀ ਗਿਣਤੀ ਇਸ ਸਮੇਂ 1275 ਹੈ। ਇਨ੍ਹਾਂ ਵਿਚੋਂ ਗੰਭੀਰ ਹਾਲਤ ਵਾਲੇ 26 ਮੀਰਜ਼ਾਂ ਵਿਚੋਂ ਪੰਜ ਵੈਂਟੀਲੇਟਰ ਅਤੇ 21 ਇਸ ਸਮੇਂ ਆਕਸੀਜਨ ਉਤੇ ਹਨ।