ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਮੁੜ ਪੋਸਟਮਾਰਟਮ ਦੇ ਦਿਤੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਮੁੜ ਪੋਸਟਮਾਰਟਮ ਦੇ ਦਿਤੇ ਹੁਕਮ

image

ਚੰਡੀਗੜ੍ਹ, 21 ਜੂਨ (ਸੁਰਜੀਤ ਸਿੰਘ ਸੱਤੀ): ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਜਿਸ ਦਾ 9 ਜੂਨ ਕੋਲਕਾਤਾ ਵਿਚ ਐਨਕਾਊਂਟਰ ਕੀਤਾ ਗਿਆ ਸੀ, ਉਸ ਦੀ ਮਿ੍ਰਤਕ ਦੇਹ ਦਾ ਦੁਬਾਰਾ ਪੋਸਟ-ਮਾਰਟਮ ਕਰਵਾਉਣ ਦੀ ਮੰਗ ਨੂੰ ਹਾਈ ਕੋਰਟ ਨੇ ਮਨਜ਼ੂਰ ਕਰਦੇ ਹੋਏ ਪੀਜੀਆਈ ਨੂੰ ਹਦਾਇਤ ਕਰ ਦਿਤੀ ਹੈ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਦੀ ਪਟੀਸ਼ਨ ਮੰਜ਼ੂਰ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਪੀਜੀਆਈ ਦੇ ਡਾਕਟਰਾਂ ਦਾ ਬੋਰਡ ਮੰਗਲਵਾਰ ਸਵੇਰੇੇ 10 ਵਜੇ ਜੈਪਾਲ ਭੁੱਲਰ ਦੀ ਮਿ੍ਰਤਕ ਦੇਹ ਦਾ ਪੋਸਟਮਾਰਟਮ ਕਰੇ। ਮਿ੍ਰਤਕ ਦੇਹ ਅਜੇ ਤਕ ਫ਼ਿਰੋਜ਼ਪੁਰ ਵਿਚ ਭੁੱਲਰ ਦੇ ਘਰ ’ਤੇ ਹੀ ਫ੍ਰੀਜ਼ਰ ਵਿਚ ਹੈ ਅਤੇ ਪ੍ਰਵਾਰ ਮਿ੍ਰਤਕ ਦੇਹ ਨੂੰ ਪੁਲਿਸ ਦੇੇ ਹਵਾਲੇ ਨਹੀਂ ਕਰਨਾ ਚਾਹੁੰਦਾ ਹੈ। ਇਸ ਲਈ ਹਾਈ ਕੋਰਟ ਨੇ ਹੁਣ ਪ੍ਰਵਾਰ ਨੂੰ ਹੀ ਹਦਾਇਤ ਦਿਤੀ ਹੈ ਉਹ ਅਪਣੇ ਆਪ ਮੰਗਲਵਾਰ ਸਵੇਰੇ 10 ਵਜੇ ਤਕ ਲਾਸ਼ ਲੈ ਕੇ ਪੀਜੀਆਈ ਪੁੱਜੇ ਤਾਕਿ ਦੁਬਾਰਾ ਪੋਸਟਮਾਰਟਮ ਕੀਤਾ ਜਾ ਸਕੇ। 
ਹਾਈ ਕੋਰਟ ਬੈਂਚ ਨੇ ਪਟੀਸ਼ਨ ਦਾ ਨਿਬੇੜਾ ਕਰਦੇ ਹੋਏ ਕਿਹਾ ਕਿ ਉਹ ਇਸ ਕੇਸ ਦੀ ਤਕਨੀਕੀ ਗੱਲਾਂ ’ਤੇ ਜਾਣਾ ਨਹੀਂ ਚਾਹੁੰਦੇ ਹਨ। ਸੁਪ੍ਰੀਮ ਕੋਰਟ ਨੇ ਅੱਜ ਹੀ ਇਸ ਪਟੀਸ਼ਨ ਦੇ ਨਿਪਟਾਰੇ ਦਾ ਹੁਕਮ ਦਿਤਾ ਸੀ, ਇਸੇ ਲਈ ਅੱਜ ਹੀ ਇਸ ਮਾਮਲੇ ਦਾ ਨਿਬੇੜਾ ਕਰ ਕੇ ਉਕਤ ਹਦਾਇਤ ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਜਦੋਂ ਪ੍ਰਵਾਰ ਕੋਲੋਂ ਪੁੱਛਿਆ ਕਿ ਉਨ੍ਹਾਂ ਕੋਲ ਕੋਲਕਾਤਾ ਵਿਚ ਹੋਏ ਪਹਿਲਾਂ ਪੋਸਟ ਮਾਰਟਮ ਦੀ ਰਿਪੋਰਟ ਹੈ ਤਾਂ ਪ੍ਰਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ। ਇਸ ’ਤੇ  ਕੋਰਟ ਨੇ ਪੁੱਛਿਆ ਕਿ ਤਾਂ ਫਿਰ ਉਨ੍ਹਾਂ ਨੂੰ ਕਿਉਂ ਲੱਗਿਆ ਦੀ ਪਹਿਲਾ ਪੋਸਟ ਮਾਰਟਮ ਠੀਕ ਨਹੀਂ ਹੋਇਆ ਹੈ। ਇਸ ’ਤੇ ਪਰਵਾਰ ਵਲੋਂ ਦਸਿਆ ਗਿਆ ਕਿ ਮਿ੍ਰਤਕ ਦੇਹ ’ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਪਰ ਮੌਤ ਦਾ ਕਾਰਨ ਗੋਲੀ ਲਗਣਾ ਦਸਿਆ ਗਿਆ ਹੈ, ਅਜਿਹੇ ਵਿਚ ਸਾਫ਼ ਹੈ ਕਿ ਉਸ ਨਾਲ ਪਹਿਲਾਂ ਮਾਰਕੁੱਟ ਹੋਈ ਹੈ ਅਤੇ ਇਸੇ ਲਈ ਦੁਬਾਰਾ ਪੋਸਟ ਮਾਰਟਮ ਕਰਵਾਉਣਾ ਜ਼ਰੂਰੀ ਹੈ। ਹਾਈ ਕੋਰਟ ਨੇ ਦੁਬਾਰਾ ਪੋਸਟ ਮਾਰਟਮ ਦੀ ਇਜਾਜ਼ਤ ਦਿੰਦੇ ਹੋਏ ਪੀਜੀਆਈ ਨੂੰ ਮੰਗਲਵਾਰ ਨੂੰ ਦੁਬਾਰਾ ਪੋਸਟ-ਮਾਰਟਮ ਕਰਨ ਦਾ ਹੁਕਮ ਦੇ ਦਿਤਾ ਹੈ।