ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਅੰਤਮ ਕੋਸ਼ਿਸ਼ਾਂ
ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਅੰਤਮ ਕੋਸ਼ਿਸ਼ਾਂ
ਸੋਨੀਆ ਨਾਲ ਕੈਪਟਨ ਦੀ ਮੀਟਿੰਗ ਤੋਂ ਪਹਿਲਾਂ ਪ੍ਰਗਟ ਸਮੇਤ 5 ਨਰਾਜ਼ ਮੰਤਰੀ ਰਾਹੁਲ ਗਾਂਧੀ ਨੇ ਦਿੱਲੀ ਸੱਦੇ
ਅੱਜ ਹੋਣੀ ਹੈ ਕੈਪਟਨ ਦੀ ਸੋਨੀਆ ਨਾਲ ਮੀਟਿੰਗ
ਚੰਡੀਗੜ੍ਹ, 21 ਜੂਨ (ਗੁਰਉਪਦੇਸ਼ ਭੁੱਲਰ): ਅੱਜ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਇਕ ਵਾਰ ਫਿਰ ਤਿਖੇ ਨਿਸ਼ਾਨੇ ਸਾਧੇ ਜਾਣ ਦੇ ਚਲਦਿਆਂ ਪਾਰਟੀ ਹਾਈਕਮਾਨ ਵਲੋਂ ਵੀ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਅਤੇ ਇਸੇ ਹਫ਼ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਅਪਣਾ ਅੰਤਮ ਫ਼ੈਸਲਾ ਸੁਣਾ ਦਿਤਾ ਜਾਵੇਗਾ। ਇਸ ਤਹਿਤ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਫੇਰਬਦਲ ਤੈਅ ਮੰਨਿਆ ਜਾ ਰਿਹਾ ਹੈ। ਕਿਸ ਨੂੰ ਫੇਰਬਦਲ ਵਿਚ ਅਹੁਦੇ ਮਿਲਣਗੇ, ਇਸ ਬਾਰੇ ਹਾਲੇ ਨਾਵਾਂ ’ਤੇ ਹਾਈਕਮਾਨ ਵਿਚਾਰ ਕਰ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਬਾਅਦ ਦੁਪਹਿਰ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਪਹੁੰਚ ਚੁੱਕੇ ਹਨ। ਸਿੱਧੂ ਦੇ ਵੀ ਕਲ੍ਹ ਤਕ ਦਿੱਲੀ ਜਾਣ ਦੀ ਸੰਭਾਵਨਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ 22 ਜੂਨ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਨੇ ਪ੍ਰਗਟ ਸਿੰਘ ਸਮੇਤ ਨਾਰਾਜ਼ 5 ਮੰਤਰੀਆਂ ਨੂੰ ਵੀ ਮੁੜ ਦਿੱਲੀ ਸੱਦ ਲਿਆ ਹੈ। ਇਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ ਤੇ ਰਜ਼ੀਆ ਸੁਲਤਾਨਾ ਸ਼ਾਮਲ ਦੱਸੇ ਜਾਂਦੇ ਹਨ। ਰਾਹੁਲ ਤੋਂ ਇਲਾਵਾ ਤਿੰਨ ਮੈਂਬਰੀ ਕਮੇਟੀ ਵੀ ਇਕ ਵਾਰ ਮੁੜ ਮਨ ਦੀ ਗੱਲ ਸੁਣ ਰਹੀ ਹੈ। ਦੂਜੇ ਪਾਸੇ ਅਮਰਿੰਦਰ ਸਮਰਥਕ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵੀ ਦਿੱਲੀ ਪੁਜਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਅਤੇ ਡਾ. ਰਾਜ ਕੁਮਾਰ ਵੇਰਕਾ ਵੀ ਰਾਹੁਲ ਗਾਂਧੀ ਨੂੰ ਮਿਲੇ ਹਨ। 10 ਦੇ ਕਰੀਬ ਨੇਤਾਵਾਂ ਨਾਲ ਤਿੰਨ ਮੈਂਬਰੀ ਕਮੇਟੀ ਤੇ ਰਾਹੁਲ ਅੰਤਮ ਦੌਰ ਦੀ ਗੱਲਬਾਤ ਕਰ ਰਹੇ ਹਨ ਤਾਂ ਜੋ ਮਸਲੇ ਦਾ ਹੱਲ ਕਰ ਕੇ ਸੱਭ ਨੂੰ ਇਕ ਕੀਤਾ ਜਾ ਸਕੇ। ਪਰ ਕਿਸੇ ਫ਼ਾਰਮੂਲੇ ਦੇ ਲਾਗੂ ਕਰਨ ਦਾ ਆਖ਼ਰੀ ਫ਼ੈਸਲਾ ਸੋਨੀਆ ਤੇ ਕੈਪਟਨ ਦੀ ਮੀਟਿੰਗ ਬਾਅਦ ਹੀ ਹੋਣਾ ਹੈ ਤੇ ਇਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਵੀ ਸੁਣਿਆ ਜਾਵੇਗਾ।