ਬੰਬੀਹਾ ਪਿੰਡ ‘ਚ ਹੋਈ ਫਾਇਰਿੰਗ ਮਾਮਲੇ 'ਚ ਖੁਲਾਸਾ, ਅਸਲਾ ਲਾਇਸੈਂਸ ਲੈਣ ਲਈ ਪਰਿਵਾਰ ਨੇ ਖੁਦ ਹੀ ਕੀਤੀ ਸੀ ਫਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕਿਸਾਨ ਤੇ ਪੁੱਤਰ ਨੂੰ ਹਿਰਾਸਤ ‘ਚ ਲਿਆ

Disclosure in the firing case in Bambiha village

 

ਮੋਗਾ: ਮੋਗਾ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ ਬੰਬੀਹਾ 'ਚ ਹੋਈ ਗੋਲੀਬਾਰੀ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਕਿਸਾਨ ਦੇ ਪਰਿਵਾਰ ਨੇ ਖੁਦ ਹੀ ਘਰ 'ਤੇ ਗੋਲੀਆਂ ਚਲਾਈਆਂ ਸਨ। ਇਹ ਸਾਰੀ ਸਾਜ਼ਿਸ਼ ਅਸਲਾ ਲਾਇਸੈਂਸ ਲੈਣ ਲਈ ਰਚੀ ਗਈ ਸੀ। ਜਿਸ ਤੋਂ ਬਾਅਦ ਕਹਾਣੀ ਇਹ ਬਣੀ ਕਿ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਫਿਰੌਤੀ ਨਾ ਦੇਣ ਕਾਰਨ ਇਹ ਗੋਲੀਬਾਰੀ ਕਰਵਾਈ ਹੈ।

 

ਪੁਲਿਸ ਨੇ ਮੁਲਜ਼ਮ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਆਹਮੋ-ਸਾਹਮਣੇ ਆਏ ਗੈਂਗਸਟਰ ਲਾਰੈਂਸ ਅਤੇ ਬੰਬੀਹਾ ਗੈਂਗ ਦੀ ਦੁਸ਼ਮਣੀ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਤਰਲੋਚਨ ਸਿੰਘ ਅਤੇ ਉਸ ਦੇ ਪੁੱਤਰ ਨੇ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ।  ਅਸਲੇ ਲਈ ਅਰਜ਼ੀ ਮਨਜ਼ੂਰ ਹੋ ਜਾਵੇ ਇਸ ਲਈ ਪਰਿਵਾਰ ਨੇ ਇਹ ਸਾਜ਼ਿਸ਼ ਰਚੀ। ਧਮਕੀਆਂ ਦੀ ਗੱਲ਼ ਕਰਕੇ ਪਰਿਵਾਰ ਨੇ ਖੁਦ ਹੀ ਘਰ 'ਤੇ ਗੋਲੀਆਂ ਚਲਾ ਲਈਆਂ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚ ਗਈ। ਘਰ 'ਚ ਗੋਲੀਆਂ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਰਿਹਾ ਸੀ। ਪੁਲਿਸ ਨੇ ਸੀਸੀਟੀਵੀ ਵੀ ਚੈੱਕ ਕੀਤੇ ਪਰ ਉਥੋਂ ਵੀ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਵਧ ਗਿਆ।

 

ਕਿਸਾਨ ਦਾ ਕਹਿਣਾ ਸੀ ਕਿ ਹਮਲਾਵਰ ਕਾਰ ਰਾਹੀਂ ਆਏ ਸਨ ਪਰ ਪੁਲਿਸ ਨੂੰ ਉਥੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਦੂਜੇ ਪਾਸੇ ਕਿਸਾਨ ਬਹੁਤਾ ਅਮੀਰ ਨਹੀਂ ਹੈ ਅਤੇ ਉਸ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ, ਇਸ ਦੇ ਮੱਦੇਨਜ਼ਰ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਕਿਸਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ। ਜਿਸ ਵਿੱਚ ਉਸ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਬਾਰੇ ਕਿਸਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਦੋਂ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਤਾਂ ਦੋ ਦਿਨ ਪਹਿਲਾਂ ਤੜਕੇ 3 ਵਜੇ ਕਿਸਾਨ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਇਹ ਗੋਲੀਆਂ ਘਰ ਦੇ ਦਰਵਾਜ਼ੇ ਅਤੇ ਕੰਧ 'ਤੇ ਲੱਗੀਆਂ। ਹਾਲਾਂਕਿ ਘਰ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।