ਜੰਗਲਾਤ ਵਿਭਾਗ 'ਚ ਹੋਏ ਘੁਟਾਲੇ ਵਿੱਚ ਹੁਣ ਵਿਜੀਲੈਂਸ ਦੀ ਰਡਾਰ 'ਤੇ ਮੁੱਖ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਪੱਤਰਕਾਰਾਂ ਨੇ ਕੌਡੀਆਂ ਦੇ ਭਾਅ 'ਚ ਪਲਾਟ ਤੇ ਫਾਰਮ ਹਾਊਸ ਖਰੀਦੇ

photo

 ਚੰਡੀਗੜ੍ਹ : ਪਿਛਲੇ ਦਿਨੀ 2 ਜੂਨ ਨੂੰ ਜੰਗਲਾਤ ਵਿਭਾਗ ਦੇ DFO ਗੁਰਅਮਨ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦਾ ਅਧਾਰ DFO ਵਲੋਂ 2 ਲੱਖ ਦੀ ਰਿਸ਼ਵਤ ਲੈਣ ਦਾ ਸਟਿੰਗ ਓਪਰੇਸ਼ਨ ਬਣਾਇਆ ਗਿਆ ਪਰ ਮਾਮਲਾ ਸਿਰਫ ਰਿਸ਼ਵਤ ਤੇ ਹੀ ਨਹੀਂ ਰੁਕਿਆ, ਵਿਜੀਲੈਂਸ ਦੁਆਰਾ ਪੁੱਛਗਿੱਛ ਦੌਰਾਨ DFO ਨੇ ਬਹੁਤ ਸਾਰੇ ਹੋਰ ਭੇਦ ਵੀ ਖੋਲ੍ਹ ਦਿੱਤੇ।

 

 

ਪਿਛਲੀ ਕਾਂਗਰਸ ਸਰਕਾਰ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੀ ਸ਼ਹਿ ਤੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਅਤੇ ਵੱਡੇ ਪੱਧਰ ਤੇ ਰੁੱਖ ਕੱਟ -ਕੱਟ ਕੇ ਵੇਚੇ ਗਏ ਅਤੇ ਕਮਿਸ਼ਨ ਖਾਧੇ ਗਏ। ਵਿਜੀਲੈਂਸ ਨੇ 8 ਜੂਨ ਨੂੰ ਸਵੇਰੇ 3 ਵਜੇ ਅਮਲੋਹ ਵਿੱਚ ਸਾਧੂ ਸਿੰਘ ਧਰਮਸੋਤ ਦਾ ਦਰਵਾਜਾ ਖੜਕਾਇਆ ਅਤੇ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਦੂਸਰਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਹਾਲੇ ਫਰਾਰ ਚੱਲ ਰਿਹਾ। ਹਰ ਦਿਨ DFO ਵਲੋਂ ਨਵੇਂ ਰਾਜ ਖੋਲ੍ਹੇ ਜਾ ਰਹੇ ਹਨ। ਜਿਸਦਾ ਸੇਕ ਹੁਣ ਵੱਡੇ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ਤੱਕ ਵੀ ਪਹੁੰਚ ਰਿਹਾ। ਦੱਸ ਦੇਈਏ ਕਿ ਮਿਲੀ ਜਾਣਕਾਰੀ ਅਨੁਸਾਰ  ਕਰੀਬ 15 ਪੱਤਰਕਾਰਾਂ ਦੇ ਨਾਮ ਜੰਗਲਾਤ ਵਿਭਾਗ ਦੇ ਘੋਟਾਲੇ ਵਿੱਚ ਆ ਰਹੇ ਹਨ ਵਿਜੀਲੈਂਸ ਇਹਨਾਂ 15 ਪੱਤਰਕਾਰਾਂ ਖਿਲਾਫ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਲਦ ਕਾਰਵਾਈ ਹੋ ਸਕਦੀ ਹੈ ।

 

 

ਇਹ ਇਲਜ਼ਾਮ ਲੱਗੇ ਹਨ ਕਿ ਚੰਡੀਗੜ੍ਹ ਦੇ ਇਹਨਾਂ ਪੱਤਰਕਾਰਾਂ ਨੇ ਕੌਡੀਆਂ ਦੇ ਭਾਅ ਵਿਚ ਪਲਾਟ ਤੇ ਫਾਰਮ ਹਾਊਸ ਖਰੀਦੇ ਹਨ ਅਤੇ ਇਹ ਜ਼ਮੀਨਾਂ ਤੇ ਜਾਇਦਾਤਾਂ ਵੱਡੀ ਕਰੋਰ , ਮਿਰਜ਼ਾਪੁਰ ਅਤੇ ਸਿਸਵਾਂ ਵਿਚ ਹਨ। ਜਾਣਕਾਰੀ ਮੁਤਾਬਿਕ ਇਕ-ਇਕ ਪੱਤਰਕਾਰ ਕੋਲ ਕਈ- ਕਈ ਪ੍ਰਾਪਰਟੀਆ ਦੱਸੀਆਂ ਜਾ ਰਹੀਆਂ ਹਨ। ਕੁਝ ਪੱਤਰਕਾਰਾਂ ਤੇ ਇਹ ਵੀ ਇਲਜ਼ਾਮ ਲੱਗੇ ਹਨ ਕਿ ਉਹਨਾਂ ਨੇ ਕਈ ਸੈਂਕੜੇ ਦਰਖ਼ਤ ਕੱਟ ਤੇ ਲੱਖਾਂ ਰੁਪਏ ਵਿੱਚ ਵੇਚੇ,ਜਿਸਦੀ ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ।

 

 

ਸੂਤਰਾਂ ਮੁਤਾਬਕ ਜਦੋਂ ਮੁੱਖ ਮੰਤਰੀ ਤੱਕ ਇਹ ਕਿੱਸਾ ਪਹੁੰਚਿਆ ਤਾਂ ਮੁੱਖ ਮੰਤਰੀ ਨਿਵਾਸ ਵਿਚ ਇਹਨਾਂ ਪੱਤਰਕਾਰਾਂ ਦੀ ਲਿਸਟ ਭੇਜੀ ਗਈ ਅਤੇ ਲਿਸਟ ਤੇ ਚਰਚਾ ਕੀਤੀ ਗਈ ਅਤੇ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦਿਤੇ ਹਨ। ਹੁਣ ਸੰਗਰੂਰ ਜਿਮਨੀ ਚੋਣ ਤੋਂ ਬਾਅਦ ਲਿਸਟ ਦੁਬਾਰਾ ਮੰਗਵਾਈ ਹੈ।  ਪੱਤਰਕਾਰਾਂ ਨੂੰ ਲੱਗੇ ਇਸ ਸੇਕ ਦੀ ਜਾਣਕਾਰੀ ਅਦਾਰਿਆਂ ਦੇ ਮਾਲਕਾਂ ਤੱਕ ਵੀ ਪਹੁੰਚੀ ਪਰ ਹਾਲੇ ਤਕ ਕੋਈ ਕਾਰਵਾਈ ਇਨ੍ਹਾਂ ਪੱਤਰਕਾਰਾਂ ਉੱਤੇ ਨਹੀ ਕੀਤੀ ਗਈ।