ਖੰਨਾ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਲਈ ਮ੍ਰਿਤਕ ਨੇ ਮੋਬਾਈਲ ਵੀ ਰੱਖਿਆ ਸੀ ਗਿਰਵੀ

photo

 

ਖੰਨਾ 'ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ 'ਚ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ। ਇਹ ਨੌਜਵਾਨ ਇਸ ਹੱਦ ਤੱਕ  ਸ਼ਰਾਬ ਪੀਂਦਾ ਸੀ ਕਿ ਉਸ ਨੇ ਆਪਣਾ ਮੋਬਾਈਲ ਵੀ ਗਿਰਵੀ ਰੱਖ ਲਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਮੋਗਾ ਪੁਲਿਸ ਨੇ ਨਾਕਾਬੰਦੀ ਦੌਰਾਨ 4 ਨੌਜਵਾਨਾਂ ਨੂੰ ਕੀਤਾ ਕਾਬੂ, ਹਥਿਆਰ ਤੇ 8 ਲੱਖ ਦੀ ਨਕਦੀ ਬਰਾਮਦ  

ਇਸ ਦੇ ਨਾਲ ਹੀ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ।  ਮ੍ਰਿਤਕ ਦੀ ਪਛਾਣ ਬਿੱਟੂ ਕੁਮਾਰ (20) ਵਾਸੀ ਜੀਟੀਬੀ ਨਗਰ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਬਿੱਟੂ ਕੁਮਾਰ ਦੀ ਮਾਂ ਸੁਨੀਤਾ ਦੇਵੀ ਨੇ ਦਸਿਆ ਕਿ ਉਸ ਦਾ ਵੱਡਾ ਪੁੱਤਰ ਨਸ਼ੇ ਦਾ ਆਦੀ ਸੀ। ਕਦੇ ਉਹ ਹੱਦੋਂ ਵੱਧ ਸ਼ਰਾਬ ਪੀਂਦਾ ਸੀ ਤੇ ਕਦੇ ਹੋਰ ਕਿਸਮ ਦਾ ਨਸ਼ਾ ਕਰਦਾ ਸੀ। ਨਸ਼ੇ ਦੀ ਪੂਰਤੀ ਲਈ ਉਸ ਦੇ ਲੜਕੇ ਨੇ ਆਪਣਾ ਮੋਬਾਈਲ ਵੀ ਕਿਤੇ ਗਿਰਵੀ ਰੱਖਿਆ ਹੋਇਆ ਸੀ। ਕਈ ਵਾਰ ਸਮਝਾਉਣ ਦੇ ਬਾਵਜੂਦ ਉਸਦਾ ਲੜਕਾ ਨਸ਼ਾ ਨਹੀਂ ਛੱਡ ਰਿਹਾ ਸੀ।

ਇਹ ਵੀ ਪੜ੍ਹੋ: ਬਦਲਿਆ ਗਿਆ 'ਆਦਿਪੁਰਸ਼' ਦਾ ਵਿਵਾਦਿਤ ਡਾਇਲਾਗ 'ਕੱਪੜਾ ਤੇਰੇ ਬਾਪ ਕਾ...ਤੋਂ ਜਲੇਗੀ ਭੀ ਤੇਰੀ ਬਾਪ ਕੀ'

ਬੁੱਧਵਾਰ ਦੀ ਰਾਤ ਵੀ ਉਸ ਦਾ ਲੜਕਾ ਸ਼ਰਾਬ ਪੀ ਕੇ ਆਇਆ ਸੀ। ਬਿੱਟੂ ਨਸ਼ੇ ਦੀ ਹਾਲਤ 'ਚ ਘਰ ਦੀ ਛੱਤ 'ਤੇ ਸੁੱਤਾ ਪਿਆ ਸੀ। ਉਹਨਾਂ ਨੇ ਸੋਚਿਆ ਕਿ ਉਹ ਨਸ਼ਾ ਕਰ ਰਿਹਾ ਹੈ, ਜਦੋਂ ਉਸ ਨੂੰ ਹੋਸ਼ ਆਵੇਗਾ, ਉਹ ਆਪਣੇ ਆਪ ਹੇਠਾਂ ਆ ਜਾਵੇਗਾ ਪਰ ਸਵੇਰ ਤੱਕ ਉਸ ਦਾ ਲੜਕਾ ਛੱਤ ਤੋਂ ਹੇਠਾਂ ਨਹੀਂ ਆਇਆ। ਉਹਨਾਂ ਨੇ ਜਾ ਕੇ ਦੇਖਿਆ ਤਾਂ ਉਸ ਦਾ ਲੜਕਾ ਛੱਤ 'ਤੇ ਪਿਆ ਸੀ। ਸਾਹ ਨਹੀਂ ਚੱਲ ਰਹੇ ਸਨ, ਜਦੋਂ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਦੇ ਲੜਕੇ ਨੂੰ ਮ੍ਰਿਤਕ ਐਲਾਨ ਦਿਤਾ।