Performance Rating Index: ਕਾਰਗੁਜ਼ਾਰੀ ਦਰਜਾ ਸੂਚਕ ਅੰਕ ਵਿਚ ਜ਼ਿਲ੍ਹਾ ਬਰਨਾਲਾ ਦੇਸ਼ ਭਰ ਵਿਚੋਂ ਅੱਵਲ
Performance Rating Index:: 2023-24 ਲਈ 788 ਜ਼ਿਲ੍ਹਿਆਂ ਦੇ ਬੁਨਿਆਦੀ ਢਾਂਚੇ ਸਮੇਤ 6 ਮਾਪਦੰਡਾਂ ਦਾ ਹੋਇਆ ਸੀ ਮੁਲਾਂਕਣ
Barnala district tops the country in the performance rating index: ਕੇਂਦਰ ਸਕੂਲ ਸਿਖਿਆ ਵਿਭਾਗ ਵਲੋ ਜਾਰੀ ਕਾਰਗੁਜ਼ਾਰੀ ਦਰਜਾ ਸੂਚਕ ਅੰਕ (ਪਰਫ਼ਾਰਮੈਂਸ ਗਰੇਡਿੰਗ ਇੰਡਕੈਸ ਰਿਪੋਰਟ) 2023-24 ਵਿਚ ਦੇਸ਼ ਦੇ 788 ਜ਼ਿਲ੍ਹਿਆਂ ਦੇ ਕੀਤੇ ਮੁਲਾਂਕਣ ਵਿਚੋਂ ਪੰਜਾਬ ਦੇ ਬਰਨਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬਰਨਾਲਾ ਨੇ 6 ਵੱਖ-ਵੱਖ ਮੁਲਾਂਕਣ ਮਾਪਦੰਡਾਂ ਲਈ ਰੱਖੇ ਗਏ ਕੁੱਲ 600 ਅੰਕਾਂ ਵਿਚੋਂ 424 ਅੰਕ ਹਾਸਲ ਕੀਤੇ ਹਨ।
ਦੇਸ਼ ਦੇ ਸੱੱਭ ਤੋਂ ਸੋਹਣੇ ਸ਼ਹਿਰਾਂ ਵਿਚ ਸ਼ੁਮਾਰ ਰਾਜਧਾਨੀ ਚੰਡੀਗੜ੍ਹ ਦੇ ਸਕੂਲ ਦੇ ਇਨ੍ਹਾ ਮੁਲਾਂਕਣ ਕਿਰਿਆਵਾਂ ਵਿਚ 412 ਅੰਕਾਂ ਨਾਲ ਦੇਸ਼ ਭਰ ਵਿਚੋ ਦੂਜੇ ਸਥਾਨ ’ਤੇ ਰਹੇੇ। ਤੀਜੇ ਸਥਾਨ ਲਈ ਸ੍ਰੀ ਮੁਕਤਸਰ ਸਾਹਿਬ ਨੇ 419 ਜਦੋਂ ਕਿ ਦੇਸ਼ ਵਿਚੋਂ ਚੌਥੇ ਸਭ ਤੋਂ ਵੱਧ 402 ਅੰਕਾਂ ਨਾਲ ਵੀ ਪੰਜਾਬ ਦਾ ਹੀ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੇ ਸਕੂਲਾਂ ਨੇ ਨਾਮਣਾ ਖੱਟਿਆ ਹੈ। ਸਾਲ 2022-23 ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ 412 ਗਰੇਡ ਹਾਸਲ ਕਰ ਕੇ ਪਹਿਲੇ ਤੇ ਬਰਨਾਲਾ 407 ਗਰੇਡ ਨਾਲ ਦੇਸ਼ ਵਿਚੋਂ ਦਜੇ ਸਥਾਨ ’ਤੇ ਰਿਹਾ ਸੀ ।
ਇਸ ਸਾਲ ਅਪਣੇ ਪੁਰਾਣੇ ਗਰੇਡ ਵਿਚ ਬਰਨਾਲਾ ਜ਼ਿਲ੍ਹੇ ਨੇ 17 ਅੰਕਾਂ ਦਾ ਵਾਧਾ ਕਰਕੇ ਦੇਸ਼ ਵਿਆਪੀ ਪੀ.ਜੀ.ਆਈ ਰਿਪੋਰਟ ’ਚ ਪਹਿਲਾ ਸਥਾਨ ਹਾਸਲ ਕਰ ਲਿਆ। ਦੂਜੇ ਪਾਸੇ ਪੰਜਾਬ ਦਾ ਸਭ ਤੋਂ ਹਾਈਟੈੱਕ ਜ਼ਿਲ੍ਹਾ ਹੋਣ ਦਾ ਦਾਅਵਾ ਕਰਦਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਮੁਲਾਂਕਣ ਰਿਪੋਰਟ ਵਿਚ ਸਿਰਫ਼ 373 ਗਰੇਡ ਹੀ ਹਾਸਲ ਕਰ ਸਕਿਆ। ਦੇਸ਼ ਵਿਚ ਸਭ ਤੋ ਵੱਧ ਮਾੜਾ ਹਾਲ ਅਰੁਣਚਾਲ ਪ੍ਰਦੇਸ਼ ਦੇ ਜ਼ਿਲ੍ਹੇ ਲੌਂਗਡਿੰਗ ਦਾ ਰਿਹਾ ਜਿਸ ਨੇ 600 ਵਿਚੋਂ ਸਿਰਫ਼ 169 ਗਰੇਡ ਹੀ ਹਾਸਲ ਕੀਤੇ ।
14 ਲੱਖ 72 ਹਜ਼ਾਰ ਸਕੂਲਾਂ ’ਚ ਪਰਫ਼ਾਰਮੈਂਸ ਗਰੇਡ ਇੰਡੈਕਸ ਸਰਵੇ ਕਰਵਾਇਆ
ਦੱਸਣਾ ਬਣਦਾ ਹੈ ਕਿ ਕੇਂਦਰੀ ਸਕੂਲ ਸਿੱਖਿਆ ਵਿਭਾਗ ਨੇ 14 ਲੱਖ 72 ਹਜ਼ਾਰ ਸਕੂਲਾਂ ਵਿਚ ਪਰਫ਼ਾਰਮੈਂਸ ਗਰੇਡ ਇੰਡੈਕਸ ਸਰਵੇ ਕਰਵਾਇਆ ਸੀ। ਇਸ ਵਿਚ ਦੋ ਵੱਖ-ਵੱਖ ਸ਼੍ਰੇਣੀਆਂ ਦੇ 6 ਡੋਮੇਨਜ਼ ਦੀ ਪੜਤਾਲ ਕੀਤੀ ਗਈ। ਇਸ ਪੜਤਾਲ ਵਿਚ 98 ਲੱਖ ਅਧਿਆਪਕਾਂ ਤੇ 24 ਕਰੋੜ 8 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕੁੱਲ 1000 ਅੰਕਾਂ ਲਈ 73 ਸੂਚਕਾਂ ਦੀਆਂ 2 ਵੱਖ-ਵੱਖ ਸ਼੍ਰੇਣੀਆਂ ਦੇ 6 ਮਾਡਿਊਲ ਤਿਆਰ ਕੀਤੇ ਗਏ ਸਨ ਜਿਨ੍ਹਾ ਵਿਚ ਸੂਬਿਆਂ ਤੇ ਜ਼ਿਲ੍ਹਿਆਂ ਦੀ ਗੁਣਵੱਤਾ ਤੇ ਸਿਖਲਾਈ ਪੱਧਰ ਮਾਪੇ ਗਏ ਹਨ। ਇਨ੍ਹਾਂ ਨੂੰ ਅੱਗੇ ਨੰਬਰਾਂ ਦੇ ਆਧਾਰ ’ਤੇ ਗਰੇਡ ਦਿਤੇ ਗਏ ਜਿਨ੍ਹਾਂ ਵਿਚੋਂ ਦਕਸ਼, ਉਤਰਕਰਸ਼, ਅਤਿ ਉਤਮ, ਪਰਚੇਸ਼ਟਾ-1,2,3-ਅਕਾਂਸ਼ੀ-1,23 ਸ਼ਾਮਲ ਸਨ।
ਦਿੱਲੀ ਤੇ ਚੰਡੀਗੜ੍ਹ ਨਾਲੋਂ ਇਨ੍ਹਾਂ ਖੇਤਰਾਂ ’ਚ ਅੱਗੇ ਬਰਨਾਲਾ
ਮੁਲਾਂਕਣ ਰਿਪੋਰਟ ਦੇ ਮਾਪਦੰਡ ਸਿੱਖਣ ਦੇ ਨਤੀਜਿਆਂ ਵਿਚ ਨਵੀਂ ਦਿੱਲੀ ਨਾਲੋਂ 48 ਜਦੋਂ ਕਿ ਚੰਡੀਗੜ੍ਹ ਨਾਲੋਂ 27ਅੰਕ ਜ਼ਿਆਦਾ ਹੈ। ਦਿੱਲੀ ਨੂੰ ਇਸ ਖੇਤਰ ਵਿਚ 290 ਵਿਚੋਂ 139 ਜਦੋਂ ਚੰੰਡੀਗੜ੍ਹ ਨੂੰ 170 ਅੰਕ ਮਿਲੇ ਹਨ। ਇਸੇ ਤਰ੍ਹਾਂ ਗਵਰਨੈਂਸ ਪ੍ਰੋਸੈਸ/ਸਾਸ਼ਨ ਪ੍ਰੀਕ੍ਰਿਆ ਵਿਚ ਬਰਨਾਲਾ ਨੂ 63 ਅੰਕ ਮਿਲੇ ਜਦੋਂ ਕਿ ਚੰਡੀਗੜ੍ਹ ਤੇ ਦਿੱਲੀ 62-62 ਅੰਕ ਹਾਸਲ ਕਰ ਸਕੇ।ਡਿਜੀਟਲ ਲਰਨਿੰਗ ਬਰਨਾਲਾ ਤੇ ਦਿੱਲੀ ਨਾਲੋਂ ਚੰਡੀਗੜ੍ਹ 3 ਅੰਕਾਂ ਨਾਲ ਅੱਗੇ ਰਿਹਾ, ਇਸ ਮੱਦ ਵਿਚ ਬਰਨਾਲਾ ਤੇ ਦਿੱਲੀ ਨੂੰ 50 ਵਿਚੋ 34-34 ਅੰਕ ਮਿਲੇ ਸਨ।
ਇਹ ਸਨ ਮੁਲਾਂਕਣ ਦੇ ਮੁੱਖ ਮਾਪਦੰਡ
ਸਕੂਲ ਸਿਖਿਆ ਵਿਭਾਗ ਨੇ ਸੂਬਿਆਂ ਤੇ ਜ਼ਿਲ੍ਹਿਆਂ ਵਿਚੋਂ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਸਿਖਿਆ ਤੋਂ ਇਲਾਵਾ ਵਿਦਿਆਰਥੀਆਂ ਦਾ ਬੌਧਿਕ ਪੱਧਰ ਤੇ ਸਿਖਿਆ ਦਾ ਮਿਆਰ ਵਰਗੇ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ ਸੀ। ਸਾਲ 2023-24 ਦੀ ਮੁਲਾਂਕਣ ਰਿਪੋਰਟ ਅਨੁਸਾਰ ਬਰਨਾਲਾ ਨੇ ਸਿੱਖਣ ਦੇ ਨਤੀਜਿਆਂ ਵਿਚ ਪਿਛਲੇ ਸਾਲ ਨਾਲੋਂ 4 ਅੰਕਾਂ ਦਾ ਵਾਧਾ ਕੀਤਾ ਹੈ। ਪਿਛਲੇ ਸਾਲ 290 ਵਿਚੋਂ ਬਰਨਾਲਾ ਨੇ ਕੁੱਲ 193 ਅੰਕ ਹਾਸਲ ਕੀਤੇ ਸਨ। ਇਸੇੇ ਤਰ੍ਹਾਂ ਪ੍ਰਭਾਵਸ਼ਾਲੀ ਕਲਾਸਰੂਮ ਵਿਚ ਮਾਪਦੰਡ ਦੇ ਕੁੱਲ 90 ਅੰਕਾਂ ਵਿਚੋਂ ਇਸ ਸਾਲ 74 ਅੰਕ ਗਰੇਡ ਹਾਸਲ ਕੀਤਾ ਹੈ ਜੋ ਕਿ ਲੰਘੇ ਵਰ੍ਹੇ ਨਾਲੋਂ 5 ਅੰਕ ਜ਼ਿਆਦਾ ਪਰ ਵਿਚ ਇਸ ਸਾਲ ਬਰਨਾਲਾ ਜ਼ਿਲ੍ਹੇ ਨੇ ਬੁਨਿਆਦੀ ਢਾਂਚਾ ਤੇ ਸਹੂਲਤਾਂ ਤੇ ਵਿਦਿਆਰਥੀ ਹੱਕ ਲਈ ਰੱਖੇ 51 ਅੰਕਾਂ ਵਿਚੋਂ ਕੁੱਲ 36 ਅੰਕ ਹਾਸਲ ਕੀਤੇ ਹਨ ਜੋ ਕਿ ਲੰਘੇ ਸਾਲ ਨਾਲੋਂ 2 ਅੰਕ ਘੱਟ ਹੈ। ਇਸੇ ਤਰ੍ਹਾਂ ਹੋਰਨਾ ਰੋਜ਼ਾਨਾ ਕਿਰਿਆਵਾਂ ਡਿਜ਼ੀਟਲ ਸਿਖਲਾਈ ਵਿਚ 34 ਸ਼ਾਸਨ ਗਵਰਨੈਂਸ ਪਰੋਸੈਸ ਦੇ ਕੁੱਲ 84 ਅੰਕਾਂ ਵਿਚੋਂ 63 ਅੰਕ ਹਾਸਲ ਕੀਤੇ। ਲਰਨਿੰਗ ਆਊਟਕਮ ਵਿਚੋਂ ਜ਼ਿਆਦਾ 290 ਅੰਕ ਸਿੱਖਣ ਕਿਰਿਆਵਾਂ ਦੇ ਸਨ ਜਿਨ੍ਹਾਂ ਵਿਚ ਬਰਨਾਲਾ ਨੇ 197 ਅੰਕ ਹਾਸਲ ਕੀਤੇ ਹਨ। ਇਸ ਮਾਡਿਊਲ ਵਿਚ ਰਾਜਸਥਾਨ ਦਾ ਜ਼ਿਲ੍ਹਾ ਧੌਲਪੁਰ 202 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਹੈ।
ਮੋਹਾਲੀ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ