ਚੰਡੀਗੜ੍ਹ ਬਣੇਗਾ 6100 ਕਰੋੜ ਨਾਲ ਫ਼ਾਸਟ ਟਰੈਕ ਸਿਟੀ
ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਜੂਨ 2015 ਵਿਚ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਕਰਨ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ...
ਚੰਡੀਗੜ੍ਹ, ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਜੂਨ 2015 ਵਿਚ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਕਰਨ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਨੇ ਇਸ ਅਧੀਨ ਚੱਲਣ ਵਾਲੇ ਕਈ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ ਲਈ ਸੈਕਟਰ-17 ਦੀ ਓਵਰਬ੍ਰਿਜ ਮਾਰਕੀਟ ਹੇਠ ਸਮਾਰਟ ਸਿਟੀ ਕੰਪਨੀ ਲਿਮਟਿਡ ਦਾ ਹਾਈਟੈਕ ਦਫ਼ਤਰ ਖੋਲ੍ਹ ਦਿਤਾ ਹੈ।
ਇਸ ਵਿਚ ਸਮਾਰਟ ਸਿਟੀ ਦੇ ਸੀ.ਈ.ਓ. ਜਨਰਲ ਮੈਨੇਜਰ ਸਮੇਤ ਹੋਰ ਅਮਲਾ ਬੈਠ ਕੇ ਸ਼ਹਿਰ ਦੇ ਵਿਕਾਸ ਲਈ ਅਰੰਭੇ ਪ੍ਰਾਜੈਕਟਾਂ ਨੂੰ ਸਮਾਰਟ ਸਿਟੀ ਮਿਸ਼ਨ ਅਧੀਨ ਕੇਂਦਰ ਸਰਕਾਰ ਤੋਂ ਮਿਲਣ ਵਾਲੇ 6100 ਕਰੋੜ ਰੁਪਏ ਦੇ ਫ਼ੰਡਾਂ ਨਾਲ ਮੁਕੰਮਲ ਕਰੇਗਾ। ਇਸ ਦਫ਼ਤਰ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸਵੇਰੇ 11 ਵਜੇ ਕੀਤਾ। ਇਸ ਮੌਕੇ ਮੇਅਰ ਦਿਵੇਸ਼ ਮੋਦਗਿਲ, ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਸਨ।
ਇਸ ਮੌਕੇ ਕਮਿਸ਼ਨਰ ਯਾਦਵ ਨੇ ਦਸਿਆ ਕਿ ਸਮਾਰਟ ਸਿਟੀ ਮਿਸ਼ਨ ਅਧੀਨ ਸ਼ਹਿਰ ਦੇ ਵਿਕਾਸ ਲਈ ਕਈ ਯੋਜਨਾਵਾਂ ਅਰੰਭੀਆਂ ਜਾਣਗੀਆਂ ਜਿਨ੍ਹਾਂ ਦਾ ਵੱਖ-ਵੱਖ ਪੜਾਵਾਂ ਵਿਚ ਵਿਕਾਸ ਹੋਵੇਗਾ, ਜਿਸ ਵਿਚ ਚੰਡੀਗੜ੍ਹ ਸ਼ਹਿਰ ਲਈ 2021 ਤਕ 24*7 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਚੰਡੀਗੜ੍ਹ 'ਚ ਸਮਾਰਟ ਟਰਾਂਸਪੋਰਟ ਸੇਵਾਵਾਂ, ਸਮਾਰਟ ਸਿਹਤ ਸੇਵਾਵਾਂ, ਚੰਡੀਗੜ੍ਹ ਸ਼ਹਿਰ ਨੂੰ ਫ਼ਾਸਟ ਟਰੈਕ ਸਿਟੀ ਬਣਾਉਣਾ, ਸਬ ਸਿਟੀ ਸੈਂਟਰ ਸੈਕਟਰ-17 ਦਾ ਵਿਕਾਸ ਸਮੇਤ 6100 ਕਰੋੜ ਰੁਪਏ ਖ਼ਰਚਣ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ
ਜਿਸ ਨਾਲ ਸ਼ਹਿਰ ਵਿਚ ਕਈ ਆਧੁਨਿਕ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਦੂਜੇ ਰਾਜਾਂ ਨਾਲ ਵੱਧ ਤੋਂ ਵੱਧ ਕੁਨੈਕਟੀਵਿਟੀ ਵਧਾਈ ਜਾਵੇਗੀ। ਇਸ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡੀ ਪੱਧਰ 'ਤੇ ਬਹੁ-ਪੱਖੀ ਯੋਜਨਾਵਾਂ ਬਣਨਗੀਆਂ।
ਮੇਅਰ ਦਿਵੇਸ਼ ਮੋਦਗਿਲ ਨੇ ਕਿਹਾ
ਕਿ ਇਸ ਕੰਪਨੀ ਦੇ ਦਫ਼ਤਰ 'ਤੇ 6.74 ਕਰੋੜ ਰੁਪਏ ਖ਼ਰਚ ਹੋਏ ਹਨ ਜਿਥੇ ਅਧਿਕਾਰੀਆਂ ਦੇ ਵੱਖ-ਵੱਖ ਦਫ਼ਤਰ, ਪਖ਼ਾਨੇ, ਲਿਫ਼ਟ, ਕਾਨਫ਼ਰੰਸ ਰੂਮਜ਼, ਮੀਟਿੰਗ ਹਾਲ ਆਦਿ ਤਿਆਰ ਕੀਤੇ ਹਨ। ਇਸ ਮੌਕੇ ਨਿਗਮ ਦੇ ਕੌਂਸਲਰ ਅਤੇ ਚੀਫ਼ ਇੰਜੀਨੀਅਰ ਮਨੋਜ ਬਾਂਸਲ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ।