ਚੰਡੀਗੜ੍ਹ 'ਚ ਟਰਾਂਸਪੋਰਟਰਾਂ ਨੇ ਟਰੱਕਾਂ ਦਾ ਕੀਤਾ ਚੱਕਾ ਜਾਮ
ਕੌਮੀ ਟਰਾਂਸਪੋਰਟਰ ਯੂਨੀਅਨ ਦੇ ਸੱਦੇ 'ਤੇ ਚੰਡੀਗੜ੍ਹ ਦੀ ਯੂਨੀਅਨ ਵਲੋਂ ਵੀ ਅਪਣੀਆਂ ਮੰਗਾਂ ਸਬੰਧੀ ਕੀਤੀ ਹੜਤਾਲ ਨਾਲ ਸ਼ਹਿਰ ਨੂੰ ਮਿਲਣ ਵਾਲੀਆਂ ਸਬਜ਼ੀਆਂ, ਦਾਲਾਂ....
ਚੰਡੀਗੜ੍ਹ, ਕੌਮੀ ਟਰਾਂਸਪੋਰਟਰ ਯੂਨੀਅਨ ਦੇ ਸੱਦੇ 'ਤੇ ਚੰਡੀਗੜ੍ਹ ਦੀ ਯੂਨੀਅਨ ਵਲੋਂ ਵੀ ਅਪਣੀਆਂ ਮੰਗਾਂ ਸਬੰਧੀ ਕੀਤੀ ਹੜਤਾਲ ਨਾਲ ਸ਼ਹਿਰ ਨੂੰ ਮਿਲਣ ਵਾਲੀਆਂ ਸਬਜ਼ੀਆਂ, ਦਾਲਾਂ, ਫ਼ਲਾਂ, ਚੌਲ ਅਤੇ ਹੋਰ ਅਨਾਜ ਦੀ ਸਪਲਾਈ ਵਿਚ 25 ਫ਼ੀ ਸਦੀ ਤਕ ਅਸਰ ਪੈਣ ਦੇ ਸੰਕੇਤ ਮਿਲੇ ਹਨ। ਇਨ੍ਹਾਂ ਟਰਾਂਸਪੋਰਟਰਾਂ ਵਲੋਂ ਮਾਲ ਦੀ ਬੁਕਿੰਗ ਬੀਤੇ ਸ਼ੁਕਰਵਾਰ ਨੂੰ ਹੀ ਬੰਦ ਕਰ ਦਿਤੀ ਸੀ। ਇਸ ਦੌਰਾਨ ਬਾਹਰਲੇ ਸੂਬਿਆਂ ਤੋਂ ਆਏ ਟਰੱਕ ਮਾਲਕਾਂ ਵਲੋਂ ਵੀ ਸੈਕਟਰ-26 ਦੀ ਮੰਡੀ ਵਿਚ ਸਮਾਨ ਨਹੀਂ ਉਤਾਰਿਆ ਗਿਆ। ਟਰੱਕ ਡਰਾਈਵਰ ਸਾਰਾ ਦਿਨ ਵਿਹਲੇ ਬੈਠੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਮਾਲ ਇੰਡੀਆ ਟਰਾਂਸਪੋਰਟਰ ਯੂਨੀਅਨ ਦੇ ਸੱਦੇ 'ਤੇ ਹੋਈ ਦੇਸ਼ ਵਿਆਪੀ ਹੜਤਾਲ 'ਚ ਚੰਡੀਗੜ੍ਹ ਦੇ ਟਰਾਂਸਪੋਰਟਰ ਵੀ ਸ਼ਾਮਲ ਹੋ ਗਏ ਹਨ। ਇਸ ਨਾਲ 1000 ਦੇ ਕਰੀਬ ਟਰੱਕ ਰੁਕ ਗਏ ਹਨ। ਇਸ ਮੌਕੇ ਚੰਡੀਗੜ੍ਹ ਟਰਾਂਸਪੋਰਟਰ ਯੂਨੀਅਨ ਦੇ ਨੇਤਾ ਏ.ਕੇ. ਅਬਰੋਲ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੰਗ ਕੀਤੀ ਕਿ ਡੀਜ਼ਲ ਦੇ ਰੋਜ਼ਾਨ ਵਧ ਰਹੇ ਰੇਟਾਂ ਨਾਲ ਟਰਾਂਸਪੋਰਟਰਾਂ ਨੂੰ ਭਾਰੀ ਵਿੱਤੀ ਘਾਟਾ ਪੈ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਟੋਲ ਟੈਕਸ ਮੁਆਫ਼ ਕੀਤਾ ਜਾਵੇ ਅਤੇ ਬੀਮਾ ਕੰਪਨੀਆਂ ਵਲੋਂ ਥਰਡ ਪਾਰਟੀ ਬੀਤੇ ਦੀ ਕੀਮਤ ਕਈ ਗੁਣਾ ਵਧਾ ਦਿਤੀ ਹੈ ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿਤੀ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਹੜਤਾਲ ਜਾਰੀ ਰੱਖਣਗੇ।