ਬਾਰ੍ਹਵੀਂ ਦੇ ਨਤੀਜਿਆਂ ’ਚ ਬਠਿੰਡਾ ਦੀਆਂ ਕੁੜੀਆਂ ਛਾਈਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਜਾਰੀ ਬਾਰਹਵੀਂ ਜਮਾਤ ਦੇ ਨਤੀਜਿਆਂ ਵਿਚ ਬਠਿੰਡਾ ਦੀਆਂ ਕੁੜੀਆਂ ਛਾ ਗਈਆਂ ਹਨ।

Photo

ਬਠਿੰਡਾ, 21 ਜੁਲਾਈ (ਸੁਖਜਿੰਦਰ ਮਾਨ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਜਾਰੀ ਬਾਰਹਵੀਂ ਜਮਾਤ ਦੇ ਨਤੀਜਿਆਂ ਵਿਚ ਬਠਿੰਡਾ ਦੀਆਂ ਕੁੜੀਆਂ ਛਾ ਗਈਆਂ ਹਨ। ਘੁੱਦਾ ਦੇ ਸਪੋਰਟਸ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ ਪਹਿਲੇ ਅਤੇ ਦੂਜੇ ਸਥਾਨ ’ਤੇ ਅਪਣਾ ਝੰਡਾ ਲਹਿਰਾਇਆ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਹੋਣਹਾਰ ਕੁੜੀਆਂ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਹਨ। ਇਸਤੋਂ ਇਲਾਵਾ ਇੱਕ ਹੋਰ ਵਿਸੇਸ ਗੱਲ ਇਹ ਵੀ ਹੈ ਕਿ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਜਿਆਦਾਤਰ ਲੜਕੀਆਂ ਦਿਹਾਤੀ ਖੇਤਰ ਨਾਲ ਸਬੰਧਤ ਹਨ।

ਉਂਜ ਪੂਰੇ ਬਠਿੰਡਾ ਜ਼ਿਲੇ੍ਹੇ ਲਈ ਇਹ ਵੀ ਵੱਡੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਪਿਛਲੇ ਸਾਲ ਦੇ 9ਵੇਂ ਸਥਾਨ ਦੇ ਮੁਕਾਬਲੇ ਇਸ ਵਾਰ ਸੂਬਾ ਪੱਧਰੀ ਪਾਸ ਪ੍ਰਤੀਸਤਾ ਵਿਚ ਬਠਿੰਡਾ ਚੌਥੇ ਨੰਬਰ ’ਤੇ ਆ ਗਿਆ ਹੈ। ਜ਼ਿਲ੍ਹੇ ਵਿਚੋਂ ਬਾਰਹਵੀਂ ਪ੍ਰੀਖ੍ਰਿਆ ’ਚ ਬੈਠਣ ਵਾਲੇ ਕੁੱਲ 12,919 ਵਿਦਿਆਰਥੀਆਂ ਵਿਚੋਂ 12,357 ਪਾਸ ਹੋਏ ਹਨ। ਜਿਸਦੇ ਚੱਲਦੇ ਜ਼ਿਲ੍ਹੇ ਦੀ ਕੁੱਲ ਪਾਸ ਪ੍ਰਤੀਸ਼ਤਾ 95.65 ਫੀਸਦੀ ਬਣ ਗਈ ਹੈ।

ਬੋਰਡ ਵਲੋਂ ਜਾਰੀ ਨਤੀਜਿਆਂ ਮੁਤਾਬਕ ਸਪੋਰਟਸ ਸਕੂਲ ਘੁੱਦਾ ਦੀਆਂ ਸੋਮਾ ਰਾਣੀ ਪੁੱਤਰੀ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ, ਸੁਖਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ, ਆਸੂਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਬੁਰਜ਼ ਢਿੱਲਵਾ ਅਤੇ ਸਿਮਰਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਫ਼ਤਿਹਗੜ੍ਹ ਸਾਹਿਬ ਨੇ ਕੁੱਲ 450 ਅੰਕਾਂ ਵਿਚੋਂ 448-448 ਅੰਕ ਹਾਸਲ ਕਰਕੇ ਨਾ ਸਿਰਫ਼ ਸੂਬੇ ਵਿਚ ਬਲਕਿ ਜ਼ਿਲ੍ਹੇ ਵਿਚ ਸਮੂਹਿਕ ਤੌਰ ’ਤੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਇਸੇ ਤਰ੍ਹਾਂ ਜੈਸਮੀਨ ਕੌਰ ਨੇ 445 ਅੰਕਾਂ ਨਾਲ ਦੂਜਾ ਅਤੇ ਸਿਮਰਜੀਤ ਕੌਰ ਤੇ ਸਿਵਾਨੀ ਨੇ 444 ਅੰਕ ਹਾਸਲ ਕਰਕੇ ਸਾਂਝੇ ਤੌਰ ’ਤੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸਤੋਂ ਇਲਾਵਾ ਜ਼ਿਲ੍ਹੇ ਦੀ ਹੌਣਹਾਰ ਵਿਦਿਆਰਥਣ ਰਿੰਪੀ ਕੌਰ ਨੇ 443 ਅਤੇ ਕਮਲਪ੍ਰੀਤ ਕੌਰ ਨੇ 442 ਅੰਕ ਹਾਸਲ ਕਰਕੇ ¬ਕ੍ਰਮਵਾਰ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ।

 

ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ: ਡਿਪਟੀ ਡੀਈਓ
ਬਠਿੰਡਾ: ਉਧਰ ਸਕੂਲ ਬੋਰਡ ਦੇ ਨਤੀਜਿਆਂ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਜ਼ਿਲ੍ਹੇ ਦੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਕਿਹਾ ਕਿ ਇਹ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਆਏ ਨਤੀਜ਼ਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਉਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਅਪਣੇ ਅਗਲੇ ਪੜਾਅ ਲਈ ਹੋਰ ਮਿਹਨਤ ਕਰਨ ਲਈ ਕਿਹਾ।