ਦਿੱਲੀ ਪੁਲਿਸ ਵਲੋਂ ਚੁੱਕੇ ਗੁਰਤੇਜ ਸਿੰਘ ਦੇ ਘਰ ਪੁੱਜੇ ਲੱਖਾ ਸਿਧਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਤੇਜ ਸਿੰਘ ਦੇ ਹੱਕ ਵਿਚ ਕਾਨੂੰਨੀ ਲੜਾਈ ਲੜਣ ਲਈ ਆਖਿਆ

Photo

ਮਾਨਸਾ, 21 (ਸੁਖਵੰਤ ਸਿੰਘ ਸਿੰਧੂ): ਦਿੱਲੀ ਪੁਲਿਸ ਵਲੋਂ ਖ਼ਾਲਿਸਤਾਨ ਗਤੀਵਿਧੀਆਂ ਦੇ ਦੋਸ਼ ਹੇਠ ਮਾਨਸਾ ਤੋਂ ਗ੍ਰਿਫ਼ਤਾਰ ਕੀਤੇ ਸ਼ਹਿਰ ਵਾਸੀ ਗੁਰਤੇਜ ਸਿੰਘ ਦੇ ਘਰ ਸੋਮਵਾਰ ਨੂੰ ਮਾਲਵਾ ਯੂਥ ਫ਼ੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਅਪਣੇ ਸਾਥੀਆਂ ਸਮੇਤ ਪੁੱਜੇ। ਉਨ੍ਹਾਂ ਗੁਰਤੇਜ ਸਿੰਘ ਦੀ ਧਰਮ ਪਤਨੀ ਅੰਮ੍ਰਿਤਪਾਲ ਕੌਰ ਤੇ ਉਸ ਦੇ ਪਰਵਾਰ ਦੀ ਖ਼ਬਰਸਾਰ ਲੈਣ ਉਪਰੰਤ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਨੂੰ ਫਿਰ ਪੁਰਾਣੇ ਕਾਲੇ ਦੌਰ ਵੱਲ ਧੱਕ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਗੁਰਤੇਜ ਸਿੰਘ  ਤੇ ਹੋਰਨਾਂ ਸਿੱਖ ਨੌਜ਼ਵਾਨਾਂ ਦਾ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ 'ਚ ਕੋਈ ਹੱਥ ਤਕ ਨਹੀਂ, ਪਰ ਸਰਕਾਰ ਯੂਆਪਾ ਕਾਨੂੰਨ ਰਾਹੀਂ ਨਿਰਦੋਸ਼ ਸਿੱਖ ਦਲਿਤ ਨੌਜਵਾਨਾਂ ਤੇ ਪਰਵਾਰਾਂ ਤੇ ਇਕ ਕਾਨੂੰਨ ਲਾਗੂ ਕਰ ਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ, ਜਿਸ ਦਾ ਆਮ ਆਦਮੀ, ਵਿਧਾਨ ਸਭਾ 'ਚ ਬੈਠੇ ਦਲਿਤ ਨੇਤਾਵਾਂ ਤੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਹ ਕਿੰਨੀ ਮਾੜੀ ਗੱਲ ਹੈ ਕਿ ਪੰਜਾਬ ਵਿਚ ਸੁਖਪਾਲ ਸਿੰਘ ਖਹਿਰਾ ਤੇ ਧਰਮਪਾਲ ਗਾਂਧੀ ਤੋਂ ਇਲਾਵਾ ਇਕਾ-ਦੁਕਾ ਨੇਤਾ ਇਸ ਧੱਕੇਸ਼ਾਹੀ ਵਿਰੁਧ ਬੋਲ ਰਹੇ ਹਨ, ਪਰ ਕਿਸੇ ਹੋਰ ਨੇ ਇਸ ਵਿਰੁਧ ਮੂੰਹ ਖੋਲਣ ਦੀ ਹਿੰਮਤ ਨਹੀਂ ਕੀਤਾ। ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਕਾਨੂੰਨੀ ਮਾਹਰਾਂ ਨਾਲ ਗੱਲਬਾਤ ਕਰ ਕੇ ਇਸ ਵਿਰੁਧ ਕਾਨੂੰਨੀ ਲੜਾਈ ਲੜਨ ਸਬੰਧੀ ਵਿਚਾਰ ਕਰਨਗੇ। ਉਨਾਂ ਪਰਵਾਰ ਨੂੰੰ ਬਣਦੀ ਹਰ ਯੋਗ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ।

ਇਸ ਮੌਕੇ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਨੇ ਵੀ ਪੁਲਿਸ ਵਲੋਂ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਦੱਸ ਕੇ ਫੜੇ ਸਿੱਖ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਇਸ ਮੌਕੇ ਗੁਰਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਦਾ ਹਾਲ ਚਾਲ ਪੁÎਛਿਆ।ਇਸ ਮੌਕੇ ਚਮਕੌਰ ਸਿੰਘ, ਭਿੰਦਾ ਚੌਹਾਨ, ਰਮਨ ਸਿੱਧੂ ਆਦਿ ਹਾਜ਼ਰ ਸਨ।