ਪੰਜਾਬ ਵਿਚ ਇਕੋ ਦਿਨ ਵਿਚ 450 ਤੋਂ ਵੱਧ ਪਾਜ਼ੇਟਿਵ ਕੇਸ ਤੇ ਦੋ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ।

Photo

ਚੰਡੀਗੜ੍ਹ, 21 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਇਕੋ ਹੀ ਦਿਨ ਵਿਚ 450 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ, ਜਦਕਿ ਬੀਤੇ ਦਿਨ ਵੀ ਇੰਨੇ ਹੀ ਆਏ ਸਨ। ਅੱਜ 2 ਹੋਰ ਮੌਤਾਂ ਵੀ ਹੋਈਆਂ ਹਨ। ਜਿਥੇ ਹੁਣ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ 11000 ਦੇ ਨੇੜੇ ਪਹੁੰਚ ਗਿਆ ਹੈ, ਉਥੇ ਮੌਤਾਂ ਦੀ ਗਿਣਤੀ ਵੀ 267 ਤਕ ਪਹੁੰਚ ਚੁਕੀ ਹੈ।

ਜ਼ਿਕਰਯੋਗ ਹੈ ਕਿ 24 ਘੰਟਿਆਂ ਦੌਰਾਨ 5 ਜ਼ਿਲ੍ਹਿਆਂ ਵਿਚ ਕੋਰੋਨਾ ਬੰਬ ਧਮਾਕੇ ਹੋਏ ਹਨ। ਲੁਧਿਆਣਾ ਵਿਚ 63, ਅੰਮ੍ਰਿਤਸਰ ਵਿਚ 56, ਪਟਿਆਲਾ ਵਿਚ 69, ਸੰਗਰੂਰ ਵਿਚ 74 ਅਤੇ ਹੁਸ਼ਿਆਰਪੁਰ ਵਿਚ 80 ਹੋਰ ਪਾਜ਼ੇਟਿਵ ਮਾਮਲੇ ਇਕੋ ਦਿਨ ਦਰਜ ਕੀਤੇ ਗਏ ਹਨ। ਹੁਣ ਤਕ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਵਿਚੋਂ 7389 ਮਰੀਜ਼ ਠੀਕ ਵੀ ਹੋਏ ਹਨ।

ਰਿਕਵਰੀ ਰੇਟ ਹੋਰਨਾਂ ਸੂਬਿਆਂ ਮੁਕਾਬਲੇ ਬੇਹਤਰ ਹੈ। ਇਸ ਸਮੇਂ 3237 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ 71 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 61 ਆਕਸੀਜਨ ਅਤੇ 10 ਵੈਂਟੀਲੇਟਰ ਉਪਰ ਹਨ। ਇਸ ਸਮੇਂ ਕੁਲ ਪਾਜ਼ੇਟਿਵ ਅੰਕੜੇ 'ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਜ਼ਿਲ੍ਹਾ 1989 ਨਾਲ ਪਹਿਲੇ ਨੰਬਰ ਉਪਰ ਹੈ। ਇਸ ਤੋਂ ਬਾਅਦ ਜਲੰਧਰ ਜ਼ਿਲ੍ਹੇ ਦਾ ਅੰਕੜਾ 1736, ਅੰਮ੍ਰਿਤਸਰ ਦਾ 1348, ਪਟਿਆਲਾ ਦਾ 1081 ਤੇ ਸੰਗਰੂਰ ਦਾ 827 ਹੈ।