ਅੱਜ ਤੋਂ ਸ਼ੁਰੂ ਹੋਵੇਗੀ ‘ਕਿਸਾਨ ਸੰਸਦ’, ਕਿਸਾਨਾਂ ਦੀ ਪੂਰੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ  | ਪ੍ਰਮੋਦ ਕੌਸ਼ਲ

ਖ਼ਬਰਾਂ, ਪੰਜਾਬ

ਸ਼ਰਾਰਤੀ ਅਨਸਰਾਂ ’ਤੇ ਵੀ ਤਿੱਖੀ ਨਜ਼ਰ ਲਈ ਨੌਜਵਾਨ ਕਿਸਾਨਾਂ ਨੇ ਵਧਾਈ ਚੌਕਸੀ

Farmer's Parliament to begin today

ਲੁਧਿਆਣਾ : ਅੱਜ ਤੋਂ, ਸੰਸਦ ਦੀ ਕਾਰਵਾਈ ਵਾਲੇ ਦਿਨਾਂ ਦੌਰਾਨ, ਹਰ ਰੋਜ਼ 200 ਕਿਸਾਨਾਂ ਦੇ ਜਥੇ ਜੰਤਰ-ਮੰਤਰ ਲਈ ਰਵਾਨਾ ਹੋਇਆ ਕਰਨਗੇ ਜਿਥੇ ਉਹ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਅਤੇ ਕਿਸਾਨ ਸੰਸਦ ਦੀ ਕਾਰਵਾਈ ਚਲਾਇਆ ਕਰਨਗੇ। ਇਹ ਸਿਲਸਿਲਾ ਸੰਸਦ ਦੇ ਸੈਸਨ ਖ਼ਤਮ ਹੋਣ ਤਕ ਚਲੇਗਾ। ਇਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ।

 

ਉਧਰ, ਸਰਕਾਰੀ ਸ਼ਹਿ ’ਤੇ ਇਸ ਪ੍ਰੋਗਰਾਮ ਨੂੰ ਖ਼ਰਾਬ ਜਾਂ ਇਸ ਵਿਚ ਖਲਲ ਪਾਉਣ ਦੀ ਕੋਸ਼ਿਸ਼ ਕੀਤੇ ਜਾਣ ਦੇ ਖਦਸ਼ੇ ਨੂੰ ਦੇਖਦੇ ਹੋਏ ਨੌਜਵਾਨ ਕਿਸਾਨ ਆਗੂਆਂ ਨੇ ਕੇ.ਐਮ.ਪੀ ਅਤੇ ਹੋਰ ਥਾਵਾਂ ਤੇ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਵੀ ਚੌਕਸੀ ਵਧਾ ਦਿਤੀ ਹੈ।  ਕਿਸਾਨ ਸੰਸਦ ਨਾਲ ਇਕਜੁਟਤਾ ਪ੍ਰਗਟਾਉਣ ਲਈ ਕੇਰਲਾ ਦੀ ਜਥੇਬੰਦੀ ‘ਕਰਸਕਾ ਪਰਕਸੋਭਾ ਏਕਾਧਾਰਿਆ ਸੰਮਤੀ’ ਕੇਰਲਾ ਦੇ ਸਾਰੇ 14 ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅਤੇ ਬਲਾਕ ਪੱਧਰ ’ਤੇ ਕੇਂਦਰੀ ਸਰਕਾਰ ਦੇ ਦਫ਼ਤਰਾਂ ਮੂਹਰੇ ਧਰਨੇ ਦੇਵੇਗੀ। ਸੰਸਦ ਪ੍ਰਦਰਸ਼ਨਾਂ ਵਿਚ ਭਾਗ ਲੈਣ ਲਈ ਕੇਰਲਾ ਤੋਂ ਕਿਸਾਨਾਂ ਦੇ ਦੋ ਜਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰਨਾਟਕਾ, ਤਾਮਿਲਨਾਡੂ ਤੇ ਦੂਰ ਵਾਲੇ ਦੂਸਰੇ ਸੂਬਿਆ ਤੋਂ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।

ਉਧਰ, ਬੀਤੇ ਦਿਨੀਂ ਲੋਕ ਸਭਾ ਵਿਚ ਇਕ ਸਵਾਲ (ਨੰਬਰ337) ਦਾ ਜਵਾਬ ਦਿੰਦਿਆਂ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਖ਼ਤਮ ਕਰਵਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਇਹ ਗੱਲ ਅਸਲੋਂ ਸੱਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸੱਤਾਧਾਰੀ ਪਾਰਟੀ ਵਜੋਂ ਅਤੇ ਵੱਖ ਵੱਖ ਸੂਬਿਆਂ ਵਿਚ ਇਸ ਪਾਰਟੀ ਦੇ ਸੂਬਾਈ ਯੂਨਿਟਾਂ ਨੇ ਸੱਚਮੁੱਚ ਹੀ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ, ਕਿਸਾਨ ਆਗੂਆਂ ’ਤੇ ਝੂਠੇ ਕੇਸ ਦਰਜ ਕੀਤੇ ਹਨ, ਉਨ੍ਹਾਂ ਨੂੰ ਜੇਲਾਂ ਵਿਚ ਬੰਦ ਕੀਤਾ ਹੈ।

ਹੋਰ ਪੜ੍ਹੋ: ਸੰਪਾਦਕੀ: ਨਸ਼ਾ ਤਸਕਰੀ ਤੇ ਨੌਜਵਾਨਾਂ ਅੰਦਰ ਬੇਰਜ਼ੁਗਾਰੀ ਦਾ ਦਾਮਨ ਤੇ ਚੋਲੀ ਦਾ ਸਾਥ ਹੁੰਦਾ ਹੈ

ਮੋਰਚਿਆਂ ਵਾਲੀਆਂ ਥਾਵਾਂ ’ਤੇ ਰਾਸ਼ਨ ਤੇ ਹੋਰ ਸਪਲਾਈ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਬੈਰੀਕੇਡਾਂ ਨਾਲ ਮੋਰਚਿਆਂ ਦੀ ਘੇਰਾਬੰਦੀ ਕੀਤੀ ਹੈ ਅਤੇ ਅਜਿਹਾ ਹੋਰ ਬਹੁਤ ਕੁੱਝ ਕੀਤਾ ਹੈ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਅਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਤੀਨਿਧਾਂ ਨਾਲ ਕਈ ਵਾਰ ਮੰਗਾਂ ਬਾਰੇ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨੇ ਸੰਸਦ ਵਿਚ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਠੀਕ ਤਰ੍ਹਾਂ ਪੇਸ਼ ਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵਧੇਰੇ ਸ਼ਰਮਨਾਕ ਤੇ ਅਫ਼ਸੋਸਨਾਕ ਗੱਲ  ਸਰਕਾਰ ਦਾ ਇਹ ਬਿਆਨ ਹੈ ਕਿ ਉਸ ਕੋਲ ਉਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਦੀ ਇਸ ਅੰਦੋਲਨ ਦੌਰਾਨ ਮੌਤ ਹੋ ਗਈ। 

ਮੰਤਰੀ ਤੋਮਰ ਨੇ ਅਪਣੇ ਬਿਆਨ ਵਿਚ ਅੱਗੇ ਕਿਹਾ ਕਿ ‘ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰਨ ਦੇ ਰਾਹ ਹਮੇਸ਼ਾ ਖੁਲ੍ਹੇ ਹਨ।’ ਉਨ੍ਹਾਂ ਕਿਹਾ ਕਿ ਜੇਕਰ ਸੱਚਮੁੱਚ ਇਹ ਗੱਲ ਹੈ ਤਾਂ ਕੀ ਕਾਰਨ ਹੈ ਕਿ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ? ਇਕ ਹੋਰ ਸਵਾਲ ( ਨੰਬਰ 297) ਦੇ ਜਵਾਬ ਵਿਚ ਮੰਤਰੀ ਨੇ ਪਿਛਲੇ ਤਿੰਨ ਸਾਲ ਦੌਰਾਨ ਐਮਐਸਪੀ ਵਿਚ ਕੀਤੇ ਫ਼ੀ ਸਦੀ ਵਾਧਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਸ ਸਰਕਾਰ ਦੁਆਰਾ ਐਮਐਸਪੀ ਵਿਚ ਕੀਤੇ ਗਏ ਵਾਧੇ ਮਹਿੰਗਾਈ ਦਰ ਤੋਂ ਵੀ ਹੇਠਾਂ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਵਾਰ ਵਾਰ ਸਪੱਸ਼ਟ ਕਰ ਚੁੱਕਾ ਹੈ। ਸਿਰਸਾ ਵਿਚ ਬਲਦੇਵ ਸਿੰਘ ਸਿਰਸਾ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਪਹਿਲਾਂ ਦਿਤੇ ਪ੍ਰੋਗਰਾਮ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਸਵੇਰੇ ਦੋ ਘੰਟੇ ਲਈ ਸੜਕਾਂ ਜਾਮ ਕੀਤੀਆਂ।