ਕਾਂਗਰਸੀਆਂ ਨੂੰ  ਇਕੱਠੇ ਕਰ ਕੇ ਸਿੱਧੂ ਨੇ ਕੀਤਾ ਅੰਮਿ੍ਤਸਰ 'ਚ ਸ਼ਕਤੀ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸੀਆਂ ਨੂੰ  ਇਕੱਠੇ ਕਰ ਕੇ ਸਿੱਧੂ ਨੇ ਕੀਤਾ ਅੰਮਿ੍ਤਸਰ 'ਚ ਸ਼ਕਤੀ ਪ੍ਰਦਰਸ਼ਨ

image


ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸਿੱਧੂ ਨੇ ਦਰਬਾਰ ਸਾਹਿਬ ਟੇਕਿਆ ਮੱਥਾ


ਅੰਮਿ੍ਤਸਰ, 21 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ/ਅਮਰੀਕ ਸਿੰਘ ਵੱਲਾ): ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ | ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਨੇ ਸਮਰਥਕ ਮੌਜੂਦ ਸਨ | ਉਨ੍ਹਾਂ ਦੇ ਨਾਲ ਇਸ ਮੌਕੇ ਕਈ ਸਾਬਕਾ ਅਤੇ ਮੌਜੂਦਾ ਵਿਧਾਇਕ ਹਨ | ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ | ਸਿੱਧੂ ਦਾ ਇਹ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਸੀ | ਅੱਜ ਉਨ੍ਹਾਂ ਨਾਲ ਉਹ ਆਗੂ ਵੀ ਤੁਰਦੇ ਦਿਖੇ ਜਿਹੜੇ ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਮਝੇ ਜਾਂਦੇ ਸਨ | ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਦੇ 83 ਵਿਧਾਇਕ ਹਨ ਤੇ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵਿਚੋਂ 62 ਵਿਧਾਇਕ ਸਿੱਧੂ ਨਾਲ ਖੜੇ ਦਿਖਾਈ ਦਿਤੇ ਜਦਕਿ ਸਰਕਾਰੀ ਹਲਕਿਆਂ ਦਾ ਕਹਿਣਾ ਸੀ ਕਿ 40 ਤੋਂ ਜ਼ਿਆਦਾ ਵਿਧਾਇਕ ਨਹੀ ਸਨ ਤੇ ਉਨ੍ਹਾਂ ਵਿਚ ਵੀ ਕਈ ਕੈਪਟਨ ਖ਼ੇਮੇ ਵਲੋਂ ਅੰਦਰ ਦੀ ਹਾਲਤ ਦੀ ਰੀਪੋਰਟ ਤਿਆਰ ਕਰਨ ਲਈ ਭੇਜੇ ਗਏ ਸਨ | ਇਸ ਤੋਂ ਇਲਾਵਾ ਅਨੇਕਾਂ ਜ਼ਿਲ੍ਹਾ ਇੰਚਾਰਜ ਤੇ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਵੀ ਸਿੱਧੂ ਦੇ ਹੱਕ 'ਚ ਬੋਲਦੇ ਸੁਣਾਈ ਦਿਤੇ |
  ਸ੍ਰੀ ਦਰਬਾਰ ਸਾਹਿਬ ਪਹੁੰਚਦਿਆਂ ਹੀ ਸਿੱਧੂ ਤੇ ਵਿਧਾਇਕਾਂ ਨੇ 'ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਾਏ | ਗੋਲਡਨ ਗੇਟ 'ਤੇ ਲੱਗੇ ਸ਼ਾਨਦਾਰ ਸਵਾਗਤ ਲਈ ਕਾਂਗਰਸ ਵਰਕਰਾਂ ਨੇ 'ਆ ਗਿਆ ਸਿੱਧੂ ਛਾ ਗਿਆ ਸਿੱਧੂ', 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ', 'ਕਾਂਗਰਸ ਜ਼ਿੰਦਾਬਾਦ' ਦੇ ਨਾਹਰੇ ਲਾਏ ਤੇ ਕਾਂਗਰਸ ਪਾਰਟੀ ਨੇ ਝੰਡੇ ਲਹਿਰਾ ਕੇ ਉਨ੍ਹਾਂ ਦਾ ਸਵਾਗਤ ਕੀਤਾ | 40 ਮਿੰਟ ਦੇ ਸਵਾਗਤ ਸਮਾਗਮ ਚ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਪੂਰੀ ਤਾਕਤ ਦਿਖਾਈ |  ਨਵਜੋਤ ਸਿੱਧੂ ਨਾਲ ਇਸ ਮੌਕੇ ਸੁਨੀਲ ਜਾਖੜ, ਕੁਲਬੀਰ ਜ਼ੀਰਾ, ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਦਵਿੰਦਰ ਘੁਬਾਇਆ, ਰਾਜਾ ਵੜਿੰਗ ਸਣੇ ਕਾਫ਼ੀ ਵਿਧਾਇਕ ਮੌਜੂਦ ਹਨ | 

ਸਿੱਧੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਅਤੇ ਹੋਰ ਧਾਰਮਕ ਸਥਾਨਾਂ 'ਤੇ ਵੀ ਮੱਥਾ ਟੇਕਿਆ ਤੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਉਨ੍ਹਾਂ ਨਾਲ ਰਹੇ |
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਪਣੇ ਵਿਧਾਇਕਾਂ ਨਾਲ ਲਗਜ਼ਰੀ ਬਸਾਂ ਵਿਚ ਬੈਠ ਕੇ ਆਏ ਹਨ | ਨਵਜੋਤ ਦੇ ਪੈਰ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ  ਚੱਲਣ 'ਚ ਮੁਸ਼ਕਲ ਹੋ ਰਹੀ ਹੈ | ਇਸੇ ਦੌਰਾਨ ਸਿੱਧੂ ਨੇ ਜਲਿ੍ਹਆਂਵਾਲਾ ਬਾਗ਼ ਦੇ ਬਾਹਰ ਖੜ੍ਹੇ ਹੋ ਕੇ ਸ਼ਹੀਦਾਂ ਨੂੰ  ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਦੁਰਗਿਆਣਾ ਮੰਦਰ ਵਿਖੇ ਵੀ ਮੱਥਾ ਟੇਕਿਆ |
  ਨਵਜੋਤ ਸਿੱਧੂ ਦੀ ਰਿਹਾਇਸ਼ 'ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ | ਇਹ ਸਾਰਿਆਂ ਨੂੰ  ਸਵੀਕਾਰ ਹੋਣਾ ਚਾਹੀਦਾ ਹੈ | ਕੈਪਟਨ ਅਮਰਿੰਦਰ ਸਿੰਘ ਹੁਣ ਸਿੱਧੂ ਨੂੰ  ਮੁਆਫ਼ੀ ਮੰਗਣ ਨੂੰ  ਕਹਿ ਰਹੇ ਹਨ | ਜੇ ਉਹ ਮੁਆਫ਼ੀ ਮੰਗਵਾਉਣਾ ਚਾਹੁੰਦੇ ਸਨ ਤਾਂ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਆਪਣੀ ਗੱਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਰਖਦੇ ਸਨ | ਜਦੋਂ ਪ੍ਰਤਾਪ ਸਿੰਘ ਬਾਜਵਾ ਬਣੇ ਸਨ, ਉਦੋਂ ਅਸੀਂ ਕੈਪਟਨ ਨਾਲ ਸੀ ਪਰ ਹਾਈ ਕਮਾਂਡ ਦੇ ਫ਼ੈਸਲੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਹੋਣ ਦੇ ਬਾਵਜੂਦ ਅਸੀਂ ਅਪਣੇ ਹਲਕੇ 'ਚ ਰੈਲੀਆਂ ਕੀਤੀਆਂ ਸਨ | ਇਸ ਲਈ ਹਾਈ ਕਮਾਂਡ ਦਾ ਫ਼ੈਸਲਾ ਸਾਰਿਆਂ ਨੂੰ  ਮਨਜ਼ੂਰ ਹੈ |
 ਰੰਧਾਵਾ ਨੇ ਬੇਅਦਬੀ ਕਾਡ ਬਾਰੇ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਰਗਾੜੀ ਕਾਡ ਬਾਰੇ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੋਏ | ਇਸ ਬਾਰੇ ਮੈਂ ਤੇ ਬਾਜਵਾ ਸਹਿਮਤ ਨਹੀਂ ਸੀ ਜਿਸ ਕਰ ਕੇ ਉਨ੍ਹਾਂ ਨੂੰ  ਬੜੇ ਚਿਰ ਤੋਂ ਨਰਾਜ਼ਗੀ ਝਲਣੀ ਪਈ | ਪੱਤਰਕਾਰਾਂ ਵਲੋਂ ਸੁਖਬੀਰ ਬਾਦਲ ਦੇ ਬਿਆਨ ਕਿ ਸਿੱਧੂ ਮਿਜ਼ਾਈਲ ਬਣ ਕੇ ਕਾਂਗਰਸ 'ਤੇ ਹੀ ਡਿੱਗੂਗਾ ਤੇ ਰੰਧਾਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ 2007 ਤੋਂ ਸੁਖਬੀਰ ਬਾਦਲ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਨਸ਼ਿਆਂ ਸਮੇਤ ਰੇਤ ਮਾਫ਼ੀਆ ਹੀ ਪੰਜਾਬ ਵਿਚ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਸਿੱਧੂ ਮਿਜ਼ਾਈਲ ਹੁਣ ਸੁਖਬੀਰ 'ਤੇ ਹੀ  ਡਿੱਗੂਗੀ |
  ਇਸ ਮੌਕੇ ਕਾਜਰਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਪਵਨ ਗੋਇਲ, ਸੁਖਵਿੰਦਰ ਸਿੰਘ ਡੈਨੀ ਤੇ ਗਿਲਜੀਆਂ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ 'ਚ ਜਾਨ ਪਈ ਹੈ ਤੇ ਵਰਕਰ ਪੂਰੇ ਉਤਸ਼ਾਹ 'ਚ ਹਨ | ਜਰਨਲ ਸਕੱਤਰ ਹਰਪਾਲ ਸਿੰਘ ਵੇਰਕਾ ਨੇ ਤਿੱਖੀ ਸ਼ੁਰ 'ਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 'ਚ ਸ਼ਾਮਲ ਸਾਬਕਾ ਉਪ ਮੁੱਖ ਮੰਤਰੀ, ਸਾਬਕਾ ਡੀ.ਜੀ.ਪੀ ਅਤੇ ਡਰੱਗਜ਼ ਤਸਕਰ, ਸਰਗਰਮ ਮਾਫ਼ੀਆ ਆਦਿ ਜੇਲਾਂ 'ਚ ਬੰਦ ਕੀਤੇ ਜਾਣ | ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਡਾ. ਰਾਜ ਕੁਮਾਰ, ਮਾ. ਹਰਪਾਲ ਸਿੰਘ ਵੇਰਕਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਮਦਨ ਲਾਲ ਜਲਾਲਪੁਰ, ਇੰਦਰਬੀਰ ਸਿੰਘ ਬੁਲਾਰੀਆ, ਪਰਮਿੰਦਰ ਸਿੰਘ ਪਿੰਕੀ, ਸੁਖਵਿੰਦਰ ਸਿੰਘ ਡੈਨੀ, ਸੁਨੀਲ ਦੱਤੀ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ, ਰਾਜਾ-ਵੜਿੰਗ, ਕੁਲਬੀਰ ਸਿੰਘ ਜ਼ੀਰਾ, ਪ੍ਰਗਟ ਸਿੰਘ, ਹਰਮਿੰਦਰ ਸਿੰਘ ਗਿੱਲ, ਤਰਸੇਮ ਸਿੰਘ ਡੀ.ਸੀ, ਦਵਿੰਦਰ ਸਿੰਘ ਘੁਬਾਇਆ, ਜਾਖੜ, ਬਰਿੰਦਰ ਸਿੰਘ ਪਾਹੜਾ ਗੁਰਦਾਸਪੁਰ, ਬਾਵਾ ਹੈਨਰੀ, ਗੁਰਿੰਦਰਪਾਲ ਸਿੰਘ ਭੋਆ, ਗੁਰਪ੍ਰੀਤ ਸਿੰਘ ਜੀ.ਪੀ, ਨੱਥੂ ਰਾਮ ਸਿੰਘ ਬੱਲ ਬੱਲੂਆਣਾ, ਅੰਗਦ ਸਿੰਘ ਨਵਾਂ ਸ਼ਹਿਰ, ਸੁਰਜੀਤ ਸਿੰਘ ਧੀਮਾਨ ਅਮਰਗੜ੍ਹ, ਅਮਰੀਕ ਸਿੰਘ ਢਿੱਲੋਂ ਸਮਰਾਲਾ, ਅਰੁਨ ਡੋਗਰਾ ਦਸੂਹਾ, ਹਰਜੋਤ ਸਿੰਘ ਕਮਲ ਮੋਗਾ, ਅਗਨੀ ਹੋਤਰੀ ਤਰਨ-ਤਰਨ, ਸੁਰਿੰੰਦਰ ਡਾਬਰਾ, ਰਮਿੰਦਰ ਸਿੰਘ ਆਵਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |