ਨਵ-ਵਿਆਹੁਤਾ ਨੇ ਖਾਧਾ ਜ਼ਹਿਰ, ਪਰਿਵਾਰਕ ਮੈਂਬਰਾਂ ਨੇ ਲਗਾਏ ਸਹੁਰਾ ਪਰਿਵਾਰ 'ਤੇ ਤੰਗ ਕਰਨ ਦੇ ਦੋਸ਼ 

ਏਜੰਸੀ

ਖ਼ਬਰਾਂ, ਪੰਜਾਬ

ਲੜਕੀ ਦੋ ਮਹੀਨੇ ਪਹਿਲਾਂ ਹੀ ਵਿਆਹੀ ਗਈ ਸੀ, ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

Suicide

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) :- ਮਾਮਲਾ ਅੰਮ੍ਰਿਤਸਰ ਦੇ ਥਾਣਾ ਮੌਹਕਮ ਪੁਰਾ ਦੇ ਅਧੀਨ ਆਉਂਦੇ ਬਿੱਲੇ ਵਾਲੇ ਚੌਂਕ ਦਾ ਹੈ ਜਿਥੋਂ ਇਕ ਨਵਵਿਆਹੁਤਾ ਇਰਾਵਤੀ ਨਾਮ ਦੀ ਲੜਕੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਅਤੇ ਦਾਮਾਦ 'ਤੇ ਲੜਕੀ ਨੂੰ ਤੰਗ ਕਰਨ ਦੇ ਦੋਸ਼ ਲਗਾਏ ਹਨ। ਲੜਕੀ ਦੋ ਮਹੀਨੇ ਪਹਿਲਾਂ ਹੀ ਵਿਆਹੀ ਗਈ ਸੀ। 

ਇਸ ਸੰਬਧੀ ਗੱਲਬਾਤ ਕਰਦਿਆਂ ਲੜਕੀ ਦੇ ਮਾਤਾ-ਪਿਤਾ ਅਤੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸ਼ੁਰੂਆਤ ਤੋਂ ਹੀ ਕਹਿ ਰਹੀ ਸੀ ਕਿ ਉਸ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਅਤੇ ਹਰ ਗੱਲ ਉੱਤੇ ਜ਼ਹਿਰ ਖਾ ਕੇ ਮਰਨ ਲਈ ਕਹਿੰਦਾ ਹੈ। ਜਿਸ ਦੇ ਚਲਦਿਆਂ ਅੱਜ ਉਹਨਾਂ ਦੀ ਬੇਟੀ ਨੇ ਮਜ਼ਬੂਰ ਹੋ ਇਹ ਕਦਮ ਚੁੱਕਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਸ ਸੰਬਧੀ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਅਪੀਲ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਥਾਣਾ ਮੌਹਕਮ ਪੁਰਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ।  ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਰਾਵਤੀ ਦਾ ਦੋ ਮਹੀਨੇ ਪਹਿਲਾ ਵਿਆਹ ਹੋਇਆ ਸੀ ਜਿਸ ਦੀ ਅੱਜ ਜ਼ਹਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਹੈ ਪਰ ਅਜੇ ਇਹ ਸਾਫ਼ ਨਹੀਂ ਹੋਇਆ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ ਜਾਂ ਉਸ ਨੇ ਆਪ ਜ਼ਹਿਰ ਖਾਧਾ ਹੈ। ਜਲਦ ਹੀ ਜਾਂਚ ਕਰ ਕੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਜਾਵੇਗਾ।

ਉਧਰ ਲੜਕੀ ਦੇ ਸਹੁਰੇ ਪਰਿਵਾਰ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਨੂੰਹ ਇਰਾਵਤੀ ਦੇ ਕਿਸੇ ਲੜਕੇ ਨਾਲ ਸਬੰਧ ਸਨ। ਉਹ ਹਮੇਸ਼ਾ ਤੋਂ ਹੀ ਉਸ ਨਾਲ ਫੋਨ 'ਤੇ ਗੱਲਬਾਤ ਕਰਦੀ ਰਹਿੰਦੀ ਸੀ ਜਿਸ ਕਾਰਨ ਅਸੀਂ ਕਈ ਵਾਰ ਉਸ ਨੂੰ ਰੋਕਿਆ ਵੀ ਪਰ ਪਤਾ ਨਹੀਂ ਅੱਜ ਉਸ ਨੇ ਇਹ ਕਦਮ ਕਿਉਂ ਉਠਾਇਆ ਹੈ।