75 ਸਾਲ ਬਾਅਦ ਰਾਵਲਪਿੰਡੀ 'ਚ ਜੱਦੀ ਘਰ ਪਹੁੰਚੀ 90 ਸਾਲਾ ਰੀਨਾ ਵਰਮਾ, ਫੁੱਲਾਂ ਨਾਲ ਹੋਇਆ ਸਵਾਗਤ

ਏਜੰਸੀ

ਖ਼ਬਰਾਂ, ਪੰਜਾਬ

75 ਸਾਲ ਬਾਅਦ ਰਾਵਲਪਿੰਡੀ 'ਚ ਜੱਦੀ ਘਰ ਪਹੁੰਚੀ 90 ਸਾਲਾ ਰੀਨਾ ਵਰਮਾ, ਫੁੱਲਾਂ ਨਾਲ ਹੋਇਆ ਸਵਾਗਤ

image


ਇਸਲਾਮਾਬਾਦ, 21 ਜੁਲਾਈ : 90 ਸਾਲਾ ਭਾਰਤੀ ਮਹਿਲਾ ਰੀਨਾ ਵਰਮਾ ਦੀ ਅਪਣੀਆਂ ਗਲੀਆਂ ਵਿਚ ਝਾਕਣ ਦੀ ਇੱਛਾ 75 ਸਾਲਾਂ ਬਾਅਦ ਆਖ਼ਰਕਾਰ ਪੂਰੀ ਹੋ ਗਈ | ਰੀਨਾ ਵਰਮਾ ਇੰਨੇ ਸਾਲਾਂ ਬਾਅਦ ਇਕ ਵਾਰ ਫਿਰ ਪਾਕਿਸਤਾਨ ਵਿਚ ਅਪਣੇ ਜੱਦੀ ਘਰ ਦੀ ਬਾਲਕੋਨੀ ਵਿਚ ਖੜੀ ਹੋਈ ਅਤੇ ਅਪਣੇ ਬਚਪਨ ਨੂੰ  ਯਾਦ ਕਰ ਕੇ ਭਾਵੁਕ ਹੋ ਗਈ | ਰੀਨਾ ਵਰਮਾ ਨੇ ਅੱਖਾਂ ਵਿਚ ਹੰਝੂ ਲੈ ਕੇ ਕਿਹਾ, Tਇਹ ਖ਼ੁਸ਼ੀ ਦੇ ਹੰਝੂ ਹਨ |'' ਰੀਨਾ ਵਰਮਾ ਨੂੰ  ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਸ ਨੂੰ  ਅਤੇ ਉਸ ਦੇ ਪਰਵਾਰ ਨੂੰ  ਰਾਵਲਪਿੰਡੀ ਦੇ ਗੈਰੀਸਨ ਸ਼ਹਿਰ ਦੀਆਂ ਤੰਗ ਗਲੀਆਂ ਵਿਚ ਅਪਣਾ ਛੋਟਾ ਜਿਹਾ ਤਿੰਨ ਮੰਜ਼ਲਾ ਘਰ ਛਡਣਾ ਪਿਆ ਸੀ |
20 ਜੁਲਾਈ ਬੁਧਵਾਰ ਨੂੰ  ਜਦੋਂ ਰੀਨਾ ਵਰਮਾ 75 ਸਾਲਾਂ ਬਾਅਦ ਅਪਣੇ ਪੁਰਾਣੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਰੀਨਾ ਵਰਮਾ ਦੇ ਆਉਣ 'ਤੇ ਲੋਕਾਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਰੀਨਾ ਨੇ ਢੋਲ ਦੀ ਤਾਲ 'ਤੇ ਲੋਕਾਂ ਨਾਲ ਡਾਂਸ ਵੀ ਕੀਤਾ | ਉਨ੍ਹਾਂ ਨੇ ਸਵੇਰ ਤੋਂ ਸ਼ਾਮ ਤਕ ਅਪਣੇ ਘਰ ਅਤੇ ਪੁਰਾਣੀਆਂ ਗਲੀਆਂ ਵਿਚ ਸਮਾਂ ਬਿਤਾਇਆ | ਉਨ੍ਹਾਂ ਨੇ ਅਪਣੇ ਮਾਤਾ-ਪਿਤਾ ਅਤੇ ਪੰਜ ਭੈਣ-ਭਰਾਵਾਂ ਨਾਲ ਬਚਪਨ ਦੀਆਂ ਯਾਦਾਂ ਨੂੰ  ਯਾਦ ਕਰਦੇ ਹੋਏ ਕਈ ਘੰਟੇ ਬਿਤਾਉਣ ਤੋਂ ਬਾਅਦ ਕਿਹਾ, Tਮੈਂ ਇਹ ਵੇਖ ਕੇ ਬਹੁਤ ਖ਼ੁਸ਼ ਹਾਂ ਕਿ ਘਰ ਬਰਕਰਾਰ ਹੈ'' |   (ਏਜੰਸੀ)