ਪੰਜਾਬ ਦੀ ਮਹਿਲਾ IAS ਅੰਮ੍ਰਿਤ ਗਿੱਲ ਵੱਲੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਮੰਗ
ਮਲੇਰਕੋਟਲਾ ਦੀ ਪਹਿਲੀ ਮਹਿਲਾ DC ਬਣੀ ਸੀ ਅੰਮ੍ਰਿਤ ਗਿੱਲ
ਚੰਡੀਗੜ੍ਹ - ਪੰਜਾਬ ਦੀ ਇੱਕ ਮਹਿਲਾ ਆਈਏਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਸਰਕਾਰ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਮੰਗ ਕੀਤੀ ਹੈ। ਉਸ ਨੇ ਵਲੰਟੀਅਰ ਰਿਟਾਇਰਮੈਂਟ ਸਕੀਮ (VRS) ਤਹਿਤ ਸਰਕਾਰ ਨੂੰ ਅਰਜ਼ੀ ਦਿੱਤੀ ਹੈ। ਸੇਵਾ ਨਿਯਮ ਅਨੁਸਾਰ ਉਨ੍ਹਾਂ ਨੇ ਸਰਕਾਰ ਨੂੰ 3 ਮਹੀਨੇ ਦਾ ਨੋਟਿਸ ਦੇ ਦਿੱਤਾ ਹੈ। ਉਨ੍ਹਾਂ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ (ਪਨਸੈਪ) ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਅੰਮ੍ਰਿਤ ਕੌਰ ਮਲੇਰਕੋਟਲਾ ਦੀ ਪਹਿਲੀ ਡੀਸੀ ਬਣੀ ਸੀ। ਅਧਿਕਾਰੀਆਂ ਵਿਚ ਚਰਚਾ ਹੈ ਕਿ ਆਈਏਐਸ ਗਿੱਲ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਵੱਈਏ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਸੀਨੀਅਰ ਅਧਿਕਾਰੀਆਂ ਤੋਂ ਨਾਖੁਸ਼ ਹੈ। ਹਾਲਾਂਕਿ ਸਰਕਾਰ ਜਾਂ ਖੁਦ ਅੰਮ੍ਰਿਤ ਕੌਰ ਗਿੱਲ ਨੇ ਇਸ ਬਾਰੇ ਅਜੇ ਤੱਕ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ ਹੈ।
ਸੂਤਰਾਂ ਅਨੁਸਾਰ ਅੰਮ੍ਰਿਤ ਕੌਰ ਗਿੱਲ ਹੁਣ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਕਾਰਨ ਉਸ ਨੇ ਸਮੇਂ ਤੋਂ ਪਹਿਲਾਂ ਨੌਕਰੀ ਛੱਡਣ ਦਾ ਮਨ ਬਣਾ ਲਿਆ ਹੈ। ਉਹ ਇਸ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ ਵਿਚ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਅੰਮ੍ਰਿਤ ਕੌਰ ਗਿੱਲ 2010 ਬੈਚ ਦੀ ਆਈ.ਏ.ਐਸ. ਗਿੱਲ ਨੂੰ ਸਖ਼ਤ ਅਕਸ ਵਾਲਾ ਅਫ਼ਸਰ ਮੰਨਿਆ ਜਾਂਦਾ ਹੈ। ਜੇਕਰ ਕੁਝ ਗਲਤ ਹੁੰਦਾ ਹੈ ਤਾਂ ਉਹ ਕਿਸੇ ਨਾਲ ਵੀ ਲੜਨ ਲਈ ਤਿਆਰ ਹੈ।