ਦ੍ਰੌਪਦੀ ਮੁਰਮੂ ਹੋਣਗੇ ਦੇਸ਼ ਦੀ 15ਵੇਂ ਰਾਸ਼ਟਰਪਤੀ 5.77 ਲੱਖ ਵੋਟਾਂ ਨਾਲ ਰਹੇ ਜੇਤੂ, ਯਸ਼ਵੰਤ ਸਿਨਹਾ ਨੂੰ ਮਿਲੀਆਂ 2.61 ਲੱਖ ਵੋਟਾਂ

ਏਜੰਸੀ

ਖ਼ਬਰਾਂ, ਪੰਜਾਬ

ਦ੍ਰੌਪਦੀ ਮੁਰਮੂ ਹੋਣਗੇ ਦੇਸ਼ ਦੀ 15ਵੇਂ ਰਾਸ਼ਟਰਪਤੀ 5.77 ਲੱਖ ਵੋਟਾਂ ਨਾਲ ਰਹੇ ਜੇਤੂ, ਯਸ਼ਵੰਤ ਸਿਨਹਾ ਨੂੰ ਮਿਲੀਆਂ 2.61 ਲੱਖ ਵੋਟਾਂ

image

 

ਨਵੀਂ ਦਿੱਲੀ, 21 ਜੁਲਾਈ : ਐਨ.ਡੀ.ਏ. ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ | ਉਹ ਦੇਸ਼ ਦੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਣਗੇ | ਵੀਰਵਾਰ ਨੂੰ  ਸਵੇਰੇ 11 ਵਜੇ ਤੋਂ ਸ਼ੁਰੂ ਹੋਈ ਗਿਣਤੀ ਵਿਚ ਮੁਰਮੂ ਨੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ  ਤੀਜੇ ਗੇੜ ਵਿਚ ਹੀ ਹਰਾ ਦਿਤਾ | ਮੁਰਮੂ ਨੂੰ  ਜ਼ਰੂਰੀ ਇਲੈਕਟ੍ਰੋਲ ਵੋਟ ਦੀਆਂ 50 ਫ਼ੀ ਸਦੀ ਵੋਟਾਂ ਤੀਜੇ ਗੜੇ ਵਿਚ ਮਿਲ ਗਈਆਂ ਸਨ |
ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਮੁਤਾਬਕ ਦੁਪਹਿਰ 2 ਵਜੇ ਸਾਂਸਦਾਂ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋਈ | ਇਸ ਵਿਚ ਦ੍ਰੌਪਦੀ ਮੁਰਮੂ ਨੂੰ  540 ਵੋਟਾਂ ਮਿਲੀਆਂ | ਇਨ੍ਹਾਂ ਦੀ ਕੁਲ ਅਹਿਮੀਅਤ 3 ਲੱਖ 78 ਹਜ਼ਾਰ ਹੈ | ਯਸ਼ਵੰਤ ਸਿਨਹਾ ਨੂੰ  208 ਸਾਂਸਦਾਂ ਦੀਆਂ ਵੋਟਾਂ ਮਿਲੀਆਂ, ਜਿਨ੍ਹਾਂ ਦੀਆਂ ਵੋਟ ਅਹਿਮੀਅਤ 1 ਲੱਖ 45 ਹਜ਼ਾਰ 600 ਹੈ | ਸਾਂਸਦਾਂ ਦੀਆਂ ਕੁਲ 15 ਵੋਟਾਂ ਰੱਦ ਹੋ ਗਈਆਂ | ਉਥੇ ਸੂਤਰਾਂ ਮੁਤਾਬਕ 17 ਸਾਂਸਦਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ |

ਵੋਟਾਂ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਦੇਸ਼ ਵਿਚ ਨਵੇਂ ਰਾਸ਼ਟਰਪਤੀ ਦੇ ਐਲਾਨ ਕਰ ਦਿਤਾ ਜਾਵੇਗਾ | ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਦੀ ਅੱਧੀ ਰਾਤ ਨੂੰ  ਖ਼ਤਮ ਹੋ ਰਿਹਾ ਹੈ | 25 ਜੁਲਾਈ ਨੂੰ  ਨਵੇਂ ਰਾਸ਼ਟਰਪਤੀ ਵਲੋਂ ਸਹੁੰ ਚੁੁੱਕੀ ਜਾਵੇਗੀ |
ਜ਼ਿਕਰਯੋਗ ਹੈ ਕਿ ਭਾਜਪਾ ਨੇ 21 ਜੂਨ ਨੂੰ  ਮੁਰਮੂ ਨੂੰ  ਉਮੀਦਵਾਰ ਬਣਾਇਆ ਸੀ, ਉਦੋਂ ਐਨਡੀਏ ਦੇ ਖਾਤੇ ਵਿਚ 5 ਲੱਖ 63 ਹਜ਼ਾਰ 825, ਯਾਨੀ 52 ਫ਼ੀ ਸਦੀ ਵੋਟਾਂ ਸਨ | 24 ਵਿਰੋਧੀ ਦਲਾਂ ਦੇ ਨਾਲ ਹੋਣ 'ਤੇ ਸਿਨਹਾ  ਦੇ ਨਾਲ 4 ਲੱਖ 80 ਹਜ਼ਾਰ 748 ਯਾਨੀ 44 ਫ਼ੀ ਸਦੀ ਵੋਟਾਂ ਮੰਨੀਆਂ ਜਾ ਰਹੀਆਂ ਸਨ | ਬੀਤੇ 27 ਦਿਨਾਂ ਵਿਚ ਕਈ ਗ਼ੈਰ ਐਨਡੀਏ ਦਲਾਂ ਦੇ ਸਮਰਥਨ ਵਿਚ ਆਉਣ ਨਾਲ ਮੁਰਮੂ ਨੂੰ  ਫ਼ੈਸਲਾਕੁਨ ਵਾਧਾ ਮਿਲ ਗਿਆ |  (ਏਜੰਸੀ)

ਕੌਣ ਹੈ ਦ੍ਰੋਪਦੀ ਮੁਰਮੂ?
20 ਜੂਨ, 1958 ਨੂੰ  ਉੜੀਸਾ ਦੇ ਰਾਏਰੰਗਪੁਰ ਵਿਚ ਜਨਮੀ ਦ੍ਰੌਪਦੀ ਮੁਰਮੂ ਨੂੰ  ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣਨ ਦਾ ਮਾਣ ਵੀ ਹਾਸਲ ਹੈ | ਮੁਰਮੂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੇ ਪਹਿਲੇ ਰਾਸ਼ਟਰਪਤੀ ਵੀ ਹਨ | ਦੇਸ਼ ਦੇ ਸੱਭ ਤੋਂ ਦੂਰ-ਦੁਰਾਡੇ ਅਤੇ ਪਛੜੇ ਜ਼ਿਲਿ੍ਹਆਂ ਵਿਚੋਂ ਇਕ ਵਿਚ ਗ਼ਰੀਬੀ ਨਾਲ ਲੜਦੇ ਹੋਏ, ਮੁਰਮੂ ਨੇ ਅਪਣੀ ਸਕੂਲੀ ਪੜ੍ਹਾਈ ਮਯੂਰਭੰਜ ਵਿਚ ਪੂਰੀ ਕੀਤੀ | ਉਸ ਨੇ ਭੁਵਨੇਸ਼ਵਰ ਵਿਚ ਰਮਾਦੇਵੀ ਮਹਿਲਾ ਕਾਲਜ ਤੋਂ ਆਰਟਸ ਵਿਚ ਬੈਚਲਰ ਦੀ ਡਿਗਰੀ ਕੀਤੀ | ਫਿਰ ਉਸ ਨੇ ਉੜੀਸਾ ਸਰਕਾਰ ਵਿਚ ਸਿੰਚਾਈ ਅਤੇ ਬਿਜਲੀ ਵਿਭਾਗ ਵਿਚ ਜੂਨੀਅਰ ਸਹਾਇਕ ਵਜੋਂ ਕੰਮ ਕੀਤਾ | ਉਹ ਰਾਇਰੰਗਪੁਰ ਵਿਚ ਸ੍ਰੀ ਔਰਬਿੰਦੋ ਇੰਟੈਗਰਲ ਐਜੂਕੇਸਨ ਸੈਂਟਰ ਵਿਚ ਇਕ ਆਨਰੇਰੀ ਸਹਾਇਕ ਅਧਿਆਪਕ ਵੀ ਸੀ |
ਘੱਟ-ਪ੍ਰੋਫ਼ਾਈਲ ਰੱਖਣ ਲਈ ਜਾਣੀ ਜਾਂਦੀ, ਦ੍ਰੌਪਦੀ ਮੁਰਮੂ ਨੇ ਅਪਣੀ ਜ਼ਿੰਦਗੀ ਵਿਚ ਕਈ ਨਿਜੀ ਦੁਖਾਂਤ ਨੂੰ  ਪਾਰ ਕੀਤਾ ਹੈ | ਉੜੀਸਾ ਦੇ ਰਾਇਰੰਗਪੁਰ ਤੋਂ ਨਰਮ ਬੋਲਣ ਵਾਲੀ ਕਬਾਇਲੀ ਨੇਤਾ ਨੇ 2009-2015 ਦੇ ਵਿਚਕਾਰ ਸਿਰਫ ਛੇ ਸਾਲਾਂ ਵਿਚ ਅਪਣੇ ਪਤੀ, ਦੋ ਪੁੱਤਰਾਂ, ਮਾਂ ਅਤੇ ਭਰਾ ਨੂੰ  ਗੁਆ ਦਿਤਾ |
ਰਾਜਨੀਤੀ ਵਿਚ ਉਨ੍ਹਾਂ ਦੀ ਸ਼ੁਰੂਆਤ 1997 ਵਿਚ ਹੋਈ ਜਦੋਂ ਉਹ ਰਾਏਰੰਗਪੁਰ ਵਿਚ ਜ਼ਿਲ੍ਹਾ ਬੋਰਡ ਦੀ ਕੌਂਸਲਰ ਚੁਣੀ ਗਈ | ਬਾਅਦ ਵਿਚ ਉਹ ਇਸੇ ਹਲਕੇ ਤੋਂ ਵਿਧਾਇਕ ਬਣੀ | ਉਸ ਨੂੰ  ਉੜੀਸਾ ਵਿਧਾਨ ਸਭਾ ਦੁਆਰਾ ਸਰਵੋਤਮ ਵਿਧਾਇਕ ਲਈ ਨੀਲਕੰਠ ਪੁਰਸਕਾਰ ਵੀ ਮਿਲਿਆ |
ਮੁਰਮੂ ਨੇ 18 ਮਈ, 2015 ਨੂੰ  ਝਾਰਖੰਡ ਦੇ ਰਾਜਪਾਲ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ, ਉੜੀਸਾ ਵਿਚ ਬੀਜੇਪੀ-ਭਾਜਪਾ ਗਠਜੋੜ ਸਰਕਾਰ ਵਿਚ ਦੋ ਵਾਰ ਵਿਧਾਇਕ ਅਤੇ ਇਕ ਵਾਰ ਮੰਤਰੀ ਵਜੋਂ ਕੰਮ ਕੀਤਾ | ਮੁਰਮੂ ਅਪਣੇ ਪਿੰਡ ਰਾਇਰੰਗਪੁਰ ਵਿਚ ਜਾਣ ਤੋਂ ਪਹਿਲਾਂ 2021 ਤਕ ਇਸ ਅਹੁਦੇ 'ਤੇ ਰਹੇ | ਉਹ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਅਤੇ ਕਿਸੇ ਵੀ ਭਾਰਤੀ ਰਾਜ ਵਿਚ ਰਾਜਪਾਲ ਵਜੋਂ ਸੇਵਾ ਕਰਨ ਵਾਲੀ ਪਹਿਲੀ ਮਹਿਲਾ ਕਬਾਇਲੀ ਨੇਤਾ ਸੀ |