ਘਰੋਂ ਪਤੀ-ਪਤਨੀ ਕੀਤੇ ਅਗਵਾ, ਨਿਹੰਗ ਸਿੰਘਾਂ ਦੇ ਭੇਸ ’ਚ ਆਏ ਲੋਕਾਂ ਨੇ ਦਿੱਤਾ ਅੰਜਾਮ, ਘਟਨਾ CCTV ’ਚ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਘਰ ਦੇ ਦਰਵਾਜ਼ੇ ਤੋੜ ਕੇ ਦਿੱਤਾ ਘਟਨਾ ਨੂੰ ਅੰਜਾਮ

photo

 

ਫਗਵਾੜਾ - ਫਗਵਾੜਾ ਦੇ ਅਮਨ ਨਗਰ 'ਚ ਦੋ ਗੱਡੀਆਂ ਵਿਚ ਸਵਾਰ ਹੋ ਕੇ ਅਪਣੇ ਸਾਥੀਆਂ ਨਾਲ ਆਏ ਦੋ ਨਿਹੰਗ ਸਿੰਘ ਨੇ ਘਰ ਦੇ ਅੰਦਰ ਪਤੀ-ਪਤਨੀ ਦੀ ਕੁੱਟਮਾਰ ਕਰਨ ਮਗਰੋਂ ਅਗਵਾ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। 

ਲੋਕਾਂ ਨੇ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਨੂੰ ਦਿਤੀ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅਗਵਾ ਹੋਏ ਪਤੀ-ਪਤਨੀ ਦੀ ਪਛਾਣ ਸੋਨੂੰ ਅਤੇ ਜੋਤੀ ਵਜੋਂ ਹੋਈ ਹੈ। 

ਕੋਠੀ ਦੇ ਕੇਅਰਟੇਕਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਕੋਠੀ ਵਿਚ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਉਕਤ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਸੀ। ਅੱਜ ਉਕਤ ਵਿਅਕਤੀ ਹੀ ਪਤੀ-ਪਤਨੀ ਨੂੰ ਅਗਵਾ ਕਰ ਕੇ ਅਪਣੇ ਨਾਲ ਲੈ ਗਏ। 

ਜਦੋਂ ਚੈਨਲ ਦੀ ਟੀਮ ਨੇ ਘਟਨਾ ਦਾ ਜਾਇਜ਼ਾ ਲਿਆ ਤਾਂ ਵੇਖਿਆ ਕਿ ਅਣਪਛਾਤੇ ਵਿਅਕਤੀ ਘਰ ਦੇ ਦੋ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਪਤੀ-ਪਤਨੀ ਦੀ ਕੁੱਟਮਾਰ ਕਰ ਕੇ ਆਪਣੇ ਨਾਲ ਲੈ ਗਏ। ਉਕਤ ਸਾਰੀ ਘਟਨਾ ਇਲਾਕੇ ਵਿਚ ਲੱਗੇ ਸੀ. ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਜ਼ਰੀਏ ਪਤਾ ਲੱਗ ਰਿਹਾ ਹੈ ਕਿ ਨਿਹੰਗ ਸਿੰਘ ਕੰਧ ਦੇ ਉੱਪਰ ਚੜ ਕੇ ਕੋਠੀ ਦੀ ਦੂਜੀ ਮੰਜ਼ਿਲ 'ਤੇ ਗਏ ਅਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਏ।

ਇਸ ਦੌਰਾਨ ਦਰਵਾਜ਼ਾ ਤੋੜ ਕੇ ਪਤੀ-ਪਤਨੀ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਵਾਰਦਾਤ ਮਗਰੋਂ ਫਿਰ ਨਿਹੰਗ ਕੋਠੀ ਵਿਚ ਵਾਪਸ ਆਉਂਦੇ ਹਨ, ਜੋ ਘਰ ਵਿਚ ਮਹਿਲਾ ਦੇ ਪਰਸ ਪਏ ਹੋਏ ਸਨ, ਉਨ੍ਹਾਂ ਨੂੰ ਵੀ ਚੱਕ ਕੇ ਅਪਣੀ ਗੱਡੀ ਲੈ ਜਾਂਦੇ ਵਿਖਾਈ ਦੇ ਰਹੇ ਹਨ।  

ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਨੇ ਕਿਹਾ ਕਿ ਜੋ ਵਿਅਕਤੀ ਕਿਡਨੈਪ ਹੋਏ ਹਨ, ਉਨ੍ਹਾਂ ਨੇ ਕੋਠੀ ਵਿਚ ਤਿੰਨ ਸਕਿਓਰਿਟੀ ਗਾਰਡ ਵੀ ਰੱਖੇ ਹੋਏ ਸਨ। ਵਾਰਦਾਤ ਦੇ ਸਮੇਂ ਸਕਿਓਰਿਟੀ ਗਾਰਡ ਮੌਕੇ 'ਤੇ ਮੌਜੂਦ ਨਹੀਂ ਸਨ। ਫਿਲਹਾਲ ਪੁਲਿਸ ਵਲੋਂ ਸਕਿਓਰਿਟੀ ਗਾਰਡ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।