ਸਮਰਾਲਾ : ਤੇਜ਼ ਰਫ਼ਤਾਰ ਟਰਾਲੇ ਨੇ ਦਰੜੀ ਕਾਰ, 2 ਸਾਲਾ ਧੀ ਦੇ ਪਿਓ ਦੀ ਮੌਤ
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰਾਲਾ ਚਾਲਕ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ
ਸਮਰਾਲਾ : ਦੇਰ ਰਾਤ ਸਮਰਾਲਾ 'ਚ ਦੋਰਾਹਾ ਤੋਂ ਰੋਪੜ ਨਹਿਰ ਨੂੰ ਜਾਂਦੀ ਸੜਕ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਇੱਕ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿਤੀ। ਹਾਦਸਾ ਇੰਨਾ ਦਰਦਨਾਕ ਸੀ ਕਿ ਇਸ ਦੀਆਂ ਤਸਵੀਰਾਂ ਦੇਖ ਕੇ ਦਿਲ ਕੰਬ ਗਿਆ। ਹਾਦਸੇ ਵਿਚ ਕਾਰ ਦੀ ਛੱਤ ਸਮੇਤ ਡਰਾਈਵਰ ਦੀ ਖੋਪੜੀ 10 ਫੁੱਟ ਦੂਰ ਜਾ ਡਿੱਗੀ।
ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਬਿੰਦਰ ਸਿੰਘ (28) ਵਾਸੀ ਸਮਰਾਲਾ ਦੇ ਪਿੰਡ ਮੁਸਕਾਬਾਦ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਦਸਿਆ ਕਿ ਗੁਰਬਿੰਦਰ ਸਿੰਘ ਅਪਣੇ ਨਿੱਜੀ ਕੰਮ ਲਈ ਦੋਰਾਹਾ ਗਿਆ ਹੋਇਆ ਸੀ। ਵਾਪਸੀ 'ਤੇ ਉਹ ਅਪਣੀ ਕਾਰ 'ਚ ਪਿੰਡ ਪਰਤ ਰਿਹਾ ਸੀ। ਓਵਰਟੇਕ ਕਰਦੇ ਸਮੇਂ ਪਾਲਮਾਜਰਾ ਨੇੜੇ ਸਾਹਮਣੇ ਤੋਂ ਆ ਰਹੇ ਡਰਾਈਵਰ ਨੇ ਟਰਾਲਾ ਸਿੱਧਾ ਗੁਰਬਿੰਦਰ ਸਿੰਘ ਦੀ ਕਾਰ 'ਤੇ ਚੜ੍ਹਾ ਦਿਤਾ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰਾਲਾ ਚਾਲਕ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ। ਸਰਪੰਚ ਨੇ ਦਸਿਆ ਕਿ ਗੁਰਬਿੰਦਰ ਸਿੰਘ ਮੁਹਾਲੀ ਵਿਚ ਪ੍ਰਾਪਰਟੀ ਦਾ ਕੰਮ ਕਰਦਾ ਸੀ। 3 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਦੋ ਸਾਲਾ ਮਾਸੂਮ ਬੱਚੀ ਦਾ ਪਿਓ ਵੀ ਸੀ।
ਇਸ ਹਾਦਸੇ ਨੇ ਪ੍ਰਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਮਾਸੂਮ ਬੱਚੀ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ। ਹਾਦਸੇ ਮੌਕੇ ਗੁਰਬਿੰਦਰ ਸਿੰਘ ਨੇ ਅਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਉਂਕਿ, ਉਸ ਦੀ ਕਾਰ ਬਿਲਕੁਲ ਨਹਿਰ ਦੀ ਰੇਲਿੰਗ ਦੇ ਨਾਲ ਸੀ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਉਸ ਨੇ ਸਾਹਮਣੇ ਤੋਂ ਤੇਜ਼ ਰਫ਼ਤਾਰ ਟਰਾਲੇ ਨੂੰ ਆਉਂਦਿਆਂ ਦੇਖਿਆ ਤਾਂ ਗੁਰਬਿੰਦਰ ਨੇ ਅਪਣੀ ਕਾਰ ਸੜਕ ਤੋਂ ਹੇਠਾਂ ਖਿੱਚ ਕੇ ਰੇਲਿੰਗ 'ਤੇ ਚੜ੍ਹਾ ਦਿਤੀ। ਇਸ ਦੇ ਬਾਵਜੂਦ ਟਰਾਲਾ ਸਿੱਧਾ ਕਾਰ ਦੇ ਉੱਪਰ ਚੜ੍ਹ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਏਐਸਆਈ ਹਰਜਿੰਦਰ ਸਿੰਘ ਨੇ ਦਸਿਆ ਕਿ ਟਰਾਲਾ ਚਾਲਕ ਦੀ ਪਛਾਣ ਬਲਵੰਤ ਚੰਦ ਵਾਸੀ ਜੰਮੂ ਵਜੋਂ ਹੋਈ ਹੈ। ਟਰਾਲੇ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।