CM Bhagwant Mann vs Harjinder Dhami: ‘ਕੀ SGPC ਨੇ ਕਾਪੀ ਰਾਈਟ ਲੈ ਰੱਖਿਆ ਹੈ?'

ਏਜੰਸੀ

ਖ਼ਬਰਾਂ, ਪੰਜਾਬ

ਸ਼ਤਾਬਦੀ ਮਨਾਉਣ ਦਾ ਸਭ ਨੂੰ ਹੱਕ ਹੈ: CM ਭਗਵੰਤ ਮਾਨ

CM Bhagwant Mann vs Harjinder Dhami

CM Bhagwant MannVS Harjinder Dhami: ਬੀਤੇ ਦਿਨ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ’ਤੇ ਸਰਕਾਰੀ ਪੱਧਰ ’ਤੇ ਸਮਾਗਮ ਕਰਵਾਏ ਜਾਣ ਦੇ ਐਲਾਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।

ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਸ਼ਤਾਬਦੀ ਸਮਾਗਮ ਕੌਮੀ ਸੰਸਥਾ ਤੋਂ ਵੱਖਰੇ ਮਨਾਉਣ ਦੇ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਸ਼ਤਾਬਦੀਆਂ ਦੇ ਸਮਾਗਮ ਆਯੋਜਤ ਕਰਨ ਦੀ ਹੱਕਦਾਰ ਹੈ। 

ਉਨ੍ਹਾਂ ਕਿਹਾ ਸੀ ਕਿ ਸਰਕਾਰਾਂ ਦਾ ਮੁੱਖ ਕੰਮ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕਰਨਾ ਹੈ, ਨਾ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨੀ।

ਹਰਜਿੰਦਰ ਸਿੰਘ ਧਾਮੀ ਦੇ ਬਿਆਨ 'ਤੇ CM ਭਗਵੰਤ ਮਾਨ ਦਾ ਪਲਟਵਾਰ

 CM ਭਗਵੰਤ ਮਾਨ ਨੇ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਜਦੋਂ ਬਾਦਲ ਸਰਕਾਰ ਦੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ, ਕੀ ਉਦੋਂ ਧਾਰਮਿਕ ਮਾਮਲਿਆਂ 'ਚ ਦਖ਼ਲ ਨਹੀਂ ਸੀ।

ਜਦੋਂ ਧਾਮੀ ਸਾਬ੍ਹ ਜਲੰਧਰ, ਲੁਧਿਆਣਾ 'ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਹਨ, ਉਹ ਸਿਆਸੀ ਮਾਮਲਿਆਂ 'ਚ ਦਖ਼ਲ ਨਹੀਂ ਹੁੰਦਾ? ਉਨ੍ਹਾਂ ਪੁੱਛਿਆ ਕਿ ਕੀ ਗੁਰੂ ਸਾਹਿਬ ਉਨ੍ਹਾਂ ਦੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੇ ਸਾਂਝੇ ਹਨ ਅਤੇ ਉਨ੍ਹਾਂ ਦੇ ਸ਼ਹੀਦੀ ਸਮਾਗਮ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੀ ਮਨਾਉਣਗੀਆਂ ਕਿਉਂਕਿ ਇਹ ਸ਼ਹੀਦੀ ਸਮਾਗਮ ਮਨਾਉਣ ਦਾ ਸਭ ਨੂੰ ਹੱਕ ਹੈ।

ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੀ SGPC ਵਾਲਿਆਂ ਨੇ ਕਾਪੀ ਰਾਈਟ ਲੈ ਲਿਆ ਹੈ? ਅਕਾਲੀ ਦਲ ਦੀ ਸਰਕਾਰ ਵੇਲੇ ਵਿਰਾਸਤ-ਏ-ਖ਼ਾਲਸਾ ਬਣਾਏ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਥੋੜੀ ਜਾਣਕਾਰੀ ਖ਼ਤਰਨਾਕ ਹੋ ਸਕਦੀ ਹੈ।