ਬੱਲੋਮਾਜਰਾ 'ਚ ਨਕਲੀ ਪਨੀਰ ਦੀ ਫ਼ੈਕਟਰੀ ਫੜੀ, ਮਾਲਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬੱਲੋਮਾਜਰਾ ਵਿਚ ਅੱਜ ਨਕਲੀ ਪਨੀਰ ਅਤੇ ਦੁਧ ਤੋਂ ਤਿਆਰ ਵਸਤਾਂ ਬਣਾਉਣ ਵਾਲੀ ਫ਼ੈਕਟਰੀ ਫੜੀ ਗਈ ਹੈ................

Dairy Development, Health Department and Police Party During Joint Raids

ਐਸ.ਏ.ਐਸ. ਨਗਰ  : ਪਿੰਡ ਬੱਲੋਮਾਜਰਾ ਵਿਚ ਅੱਜ ਨਕਲੀ ਪਨੀਰ ਅਤੇ ਦੁਧ ਤੋਂ ਤਿਆਰ ਵਸਤਾਂ ਬਣਾਉਣ ਵਾਲੀ ਫ਼ੈਕਟਰੀ ਫੜੀ ਗਈ ਹੈ। ਡੇਅਰੀ ਵਿਕਾਸ ਬੋਰਡ, ਸਿਹਤ ਵਿਭਾਗ ਤੇ ਪੁਲਿਸ ਵਿਭਾਗ ਵਲੋਂ ਪ੍ਰੋਗਰੈਸਿਵ ਡੇਅਰੀ ਫ਼ਾਰਮਰ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਮੋਹਾਲੀ ਨੇੜਲੇ ਪਿੰਡ ਬੱਲੋਮਾਜਰਾ ਵਿਖੇ ਬਿਨਾਂ ਲਾਇਸੰਸ ਤੋਂ ਖਾਧ ਪਦਾਰਥ ਤਿਆਰ ਕਰਨ ਵਾਲੀ ਫ਼ੈਕਟਰੀ ਵਿਚ ਛਾਪਾਮਾਰੀ ਕੀਤੀ। ਇਸ ਦੌਰਾਨ 2,060 ਕਿਲੋ ਨਕਲੀ ਪਨੀਰ 89 ਕਿਲੋ ਮੱਖਣ, ਦੇਸੀ ਘਿਉ, ਕਰੀਮ 10 ਕਿਲੋ ਅਤੇ 3,375 ਕਿਲੋ ਸਕਿਮ ਮਿਲਕ ਪਾਊਡਰ, 120 ਲੀਟਰ ਸਲਫਿਊਰਿਕ ਐਸਿਡ ਬਰਾਮਦ ਕੀਤਾ

ਇਸ ਗੋਰਖ ਧੰਦੇ ਨੂੰ ਚਲਾਉਣ ਵਾਲੇ ਅਸ਼ੋਕ ਕੁਮਾਰ ਵਾਸੀ ਮੌਲੀ ਜੱਗਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁਧ ਬਲੌਂਗੀ ਥਾਣਾ ਵਿਖੇ ਪਰਚਾ ਦਰਜ ਕਰ ਲਿਆ ਹੈ। ਪਿੰਡ ਬੜਮਾਜਰਾ ਵਿਖੇ ਤਿਆਰ ਕੀਤੇ ਜਾਂਦੇ ਨਕਲੀ ਪਨੀਰ, ਘਿਉ ਅਤੇ ਹੋਰ ਖ਼ੁਰਾਕ ਪਦਾਰਥ ਚੰਡੀਗੜ੍ਹ ਸਮੇਤ ਖਰੜ, ਕੁਰਾਲੀ, ਐਸ.ਏ.ਐਸ. ਨਗਰ, ਡੇਰਾਬੱਸੀ, ਰਾਜਪੁਰਾ ਤੇ ਹੋਰ ਨੇੜਲੇ ਸ਼ਹਿਰਾਂ ਤੇ ਕਸਬਿਆਂ ਵਿਚ ਸਪਲਾਈ ਕੀਤੇ ਜਾਂਦੇ ਸਨ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ 'ਚ ਹੋਰਨਾਂ ਥਾਵਾਂ 'ਤੇ ਵੀ ਨਕਲੀ ਪਨੀਰ, ਘਿਉ ਅਤੇ ਹੋਰ ਖੁਰਾਕ ਪਦਾਰਥ ਵੱਡੀ ਮਾਤਰਾ ਵਿਚ ਫੜੇ ਗਏ ਸਨ

ਜਿਨ੍ਹਾਂ ਦਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸਿੱਧੂ ਵਲੋਂ ਸਖ਼ਤ ਨੋਟਿਸ ਲਿਆ ਸੀ ਅਤੇ ਉਨ੍ਹਾਂ ਵਲੋਂ ਡੇਅਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੌਕਸੀ ਵਰਤਣ ਦੇ ਨਾਲ-ਨਾਲ ਅਚਾਨਕ ਛਾਪਾਮਾਰੀ ਅਤੇ ਮਿਲਵਟਖੋਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਦਿਤੀਆਂ ਸਨ। ਸਿੱਧੂ ਨੇ ਦਸਿਆ ਕਿ ਉਨ੍ਹਾਂ ਵਲੋਂ ਕੈਬਨਿਟ ਦੀ ਮੀਟਿੰਗ ਵਿਚ ਵੀ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਤਜ਼ਵੀਜ ਰੱਖੀ ਗਈੇ। ਅੱਜ ਤੜਕਸਾਰ ਹੋਈ ਛਾਪਾਮਾਰੀ ਵਿਚ ਪ੍ਰੋਗਰੈਸਿਵ ਡੇਅਰੀ ਫ਼ਾਰਮ ਐਸੋਸੀਏਸ਼ਨ (ਪੰਜਾਬ) ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਸੁਖਦੇਵ ਸਿੰਘ, ਕਿਸਾਨ ਪ੍ਰਮਿੰਦਰ ਸਿੰਘ ਢੰਗਰਾਲੀ, ਅਮਿਤ ਠਾਕੁਰ ਗਿੱਦੜਬਾਹਾ,

ਸਤਿੰਦਰ ਸਿੰਘ ਮੜੌਲੀ ਕਲਾਂ, ਨਰਿੰਦਰ ਸਿੰਘ ਘੜੂੰਆਂ ਅਤੇ ਪਿੰਡ ਬੱਲੋਮਾਜਰਾ ਦੇ ਵਾਸੀਆਂ ਨੇ ਵੀ ਸਹਿਯੋਗ ਦਿਤਾ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਛਾਪਾਮਾਰੀ ਟੀਮ ਕਾਰਜਕਾਰੀ ਅਫਸਰ ਡੇਅਰੀ ਵਿਕਾਸ ਬੋਰਡ ਮੋਹਾਲੀ ਵਿਚ ਸੇਵਾ ਸਿੰਘ, ਜ਼ਿਲ੍ਹਾ ਸਿਹਤ ਅਫਸਰ ਰਾਜਵੀਰ ਸਿੰਘ ਕੰਗ, ਫੂਡ ਸੇਫਟੀ ਅਫਸਰ ਅਨਿੱਲ ਕੁਮਾਰ , ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਊਧਮ ਸਿੰਘ, ਐਮ.ਐਮ. ਪੀ. ਗੁਰਦੇਵ ਸਿੰਘ, ਮੁੱਖ ਥਾਣਾ ਅਫ਼ਸਰ ਬਲੌਗੀ ਮਨਫੂਲ ਸਿੰਘ, ਏ.ਐਸ.ਆਈ. ਦਿਲਬਾਸ ਸਿੰਘ ਅਤੇ ਗੁਰਵਰਿਆਮ ਸਿੰਘ ਸ਼ਾਮਲ ਸਨ।