ਗੋਲੀ ਲੱਗਣ ਕਾਰਨ ਕਿਸਾਨ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਉਤੇ ਮਾਮਲਾ ਦਰਜ ਤੇ ਇਕ ਗ੍ਰਿਫ਼ਤਾਰ

image

ਸਰਦੂਲਗੜ੍ਹ, 22 ਅਗੱਸਤ (ਵਿਨੋਦ ਜੈਨ): ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿਖੇ ਸ਼ਿਕਾਰੀਆਂ ਵਲੋਂ ਅਵਾਰਾ ਪਸ਼ੂਆਂ ਨੂੰ ਮਾਰਨ ਦੀ ਨੀਯਤ ਨਾਲ ਗੋਲੀ ਚਲਾਈ ਗਈ ਜੋ ਇਕ ਕਿਸਾਨ ਦੇ ਜਾ ਲੱਗੀ ਜਿਸ ਨਾਲ ਕਿਸਾਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।ਪੁਲਿਸ ਥਾਣਾ ਜੌੜਕੀਆਂ ਦੇ ਮੁਖੀ ਸੁਰਜਨ ਸਿੰਘ ਨੇ ਦਸਿਆ ਕਿ ਪਿੰਡ ਬਾਜੇਵਾਲਾ ਵਿਖੇ ਕਾਫ਼ੀ ਸਮੇਂ ਤੋਂ ਆਵਾਰਾ ਪਸ਼ੂਆਂ ਦੀ ਰਾਖੀ ਲਈ ਪਿੰਡ ਦੇ ਕਿਸਾਨਾਂ ਨੇ ਦੋ ਪਰਵਾਰ ਮਾਨਸਾ ਤੋਂ ਰਾਖੇ ਰੱਖੇ ਹੋਏ ਹਨ ਜੋ ਪਿੰਡ ਬਾਜੇਵਾਲਾ ਵਿਖੇ ਨੀਲ ਕੰਠ (ਰੋਜ਼) ਦਾ ਸ਼ਿਕਾਰ ਕਰ ਰਹੇ ਸਨ। ਉਸ ਸਮੇਂ ਕਿਸਾਨ ਨਛੱਤਰ ਸਿੰਘ ਉਰਫ਼ ਬਿਡੀ ਪੁੱਤਰ ਕਰਨੈਲ ਸਿੰਘ ਬਾਜੇਵਾਲਾ ਅਪਣੇ ਖੇਤ ਉੱਡਤਾਂ ਵਾਲੇ ਪਾਸੇ ਨਜ਼ਦੀਕ ਭੱਠੇ ਕੋਲ ਝੋਨੇ ਨੂੰ ਪਾਣੀ ਲਗਾ ਰਿਹਾ ਸੀ, ਉਸ ਸਮੇਂ ਦਲੀਪ ਕੁਮਾਰ ਰਾਖੇ ਆਦਿ ਵਲੋਂ ਆਵਾਰਾ ਪਸ਼ੂ ਜਾਂ ਨੀਲ ਕੰਠ ਰੋਜ਼ ਦੇ ਮਾਰਨ ਲਈ ਬੰਦੂਕ ਨਾਲ ਗੋਲੀ ਚਲਾਈ ਤਾਂ ਇਹ ਗੋਲੀ ਕਿਸਾਨ ਨਛੱਤਰ ਸਿੰਘ ਦੇ ਜਾ ਲੱਗੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

image


   ਜ਼ਖ਼ਮੀ ਹਾਲਾਤ ਵਿਚ ਨਛੱਤਰ ਸਿੰਘ ਨੂੰ ਉਸ ਦੇ ਭਰਾਵਾਂ ਨਾਹਰ ਸਿੰਘ ਅਤੇ ਭਤੀਜਾ ਭੋਲਾ ਸਿੰਘ ਨੇ ਚੁੱਕ ਕੇ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਡਾਕਟਰ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿਤਾ। ਥਾਣਾ ਜੌੜਕੀਆਂ ਦੇ ਮੁਖੀ ਸੁਰਜਨ ਸਿੰਘ ਨੇ ਦਸਿਆ ਕਿ ਪੀੜਤ ਨਛੱਤਰ ਸਿੰਘ ਅਤੇ ਉਸ ਦੇ ਪੁੱਤਰ  ਮੱਖਣ ਸਿੰਘ ਦੇ ਬਿਆਨਾਂ ਤੇ 307, 34 ਆਈ ਪੀ ਸੀ 25, 54, 59 ਆਰਮਜ਼ ਐਕਟ ਅਧੀਨ ਤਿੰਨ ਵਿਅਕਤੀਆਂ ਦਲੀਪ ਕੁਮਾਰ, ਸੁਰਜੀਤ ਕੁਮਾਰ, ਸੰਦੀਪ ਕੁਮਾਰ ਵਿਰੁਧ ਮਾਮਲਾ ਦਰਜ ਕਰ ਕੇ ਇਕ ਕਥਿਤ ਮੁਲਜ਼ਮ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜਿਆਂ ਦੀ ਭਾਲ ਜਾਰੀ ਹੈ।
  ਇਸ ਸਬੰਧੀ ਜ਼ਖ਼ਮੀ ਕਿਸਾਨ ਨਛੱਤਰ ਸਿੰਘ ਦੇ ਬੇਟੇ ਮੱਖਣ ਸਿੰਘ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਉਕਤ ਰਾਖਿਆ ਦੁਆਰਾ ਪਸ਼ੂਆਂ ਦੇ ਬਹਾਨੇ ਨੀਲ ਕੰਠ ਵਰਗੇ ਜਾਨਵਰਾਂ ਨੂੰ ਰੋਜ਼ਾਨਾ ਮਾਰ ਕੇ ਨਜ਼ਦੀਕ ਹੋਟਲਾਂ ਢਾਬਿਆਂ ਪੈਲਿਸਾ ਵਿਚ ਵੇਚਣ ਦਾ ਧੰਦਾ ਕਰਦੇ ਹਨ ਇਸ ਲਈ ਇੰਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।