ਭਾਜਪਾ ਆਗੂਆਂ ਦੇ ਬਾਦਲ ਦਲ ਵਿਚ ਸ਼ਾਮਲ ਹੋਣ ਬਾਰੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਮਿਲੀਭੁਗਤ ਦਾ ਦਾਅਵਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂਆਂ ਦੇ ਬਾਦਲ ਦਲ ਵਿਚ ਸ਼ਾਮਲ ਹੋਣ ਬਾਰੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਮਿਲੀਭੁਗਤ ਦਾ ਦਾਅਵਾ

image

ਚੰਡੀਗੜ੍ਹ, 21 ਅਗੱਸਤ (ਭੁੱਲਰ) : ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਵਿੱਚ ਸਾਮਿਲ ਹੋ ਰਹੇ ਪੰਜਾਬ ਭਾਜਪਾ ਆਗੂਆਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਬੜੀ ਚਲਾਕੀ ਨਾਲ ਬਸਪਾ ਦੀਆਂ ਰਾਖਵੀਆਂ ਸੀਟਾਂ 'ਤੇ ਪੰਜਾਬ ਭਾਜਪਾ ਦੇ ਅਕਾਲੀ ਦਲ ਬਾਦਲ ਵਿਚ ਸਾਮਲ ਹੋਏ ਆਗੂਆਂ ਨੂੰ  ਉਮੀਦਵਾਰ ਐਲਾਨ ਕੀਤਾ ਜਾ ਰਿਹਾ ਹੈ ਉਸ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਗੱਠਜੋੜ ਪਿੱਛੇ ਭਾਜਪਾ ਅਤੇ ਆਰ.ਐੱਸ.ਐੱਸ ਦਾ ਵੱਡਾ ਹੱਥ ਹੈ ਅਤੇ ਦੂਜੇ ਪਾਸੇ ਬਸਪਾ ਦਾ ਨਾਮ ਕੇਵਲ ਸਿਆਸੀ ਲਾਹਾ ਲੈਣ ਲਈ ਹੀ ਵਰਤਿਆ ਜਾ ਰਿਹਾ ਹੈ | 
ਸ: ਢੀਂਡਸਾ ਨੇ ਅਕਾਲੀ ਦਲ ਬਾਦਲ ਵਿੱਚ ਪੰਜਾਬ ਭਾਜਪਾ ਆਗੂਆਂ ਦੀ ਹੋ ਰਹੀ ਸਮੂਲੀਅਤ ਨੂੰ  ਗਿਣੀ-ਮਿੱਥੀ ਯੋਜਨਾ ਦੇ ਤਹਿਤ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗੁਪਤ ਗੱਠਜੋੜ ਅਤੇ ਆਪਸੀ ਮਿਲੀਭੁਗਤ ਕਰਾਰ ਦਿੱਤਾ ਹੈ |
ਸ: ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀ ਜਿਨ੍ਹਾਂ ਸੀਟਾਂ 'ਤੇ ਭਾਜਪਾ ਆਗੂਆਂ ਨੂੰ  ਅਕਾਲੀ ਦਲ ਬਾਦਲ ਵਿੱਚ ਸਾਮਿਲ ਕਰਕੇ ਉਮੀਦਵਾਰ ਐਲਾਨਿਆਂ ਗਿਆ ਹੈ ਉਹ ਸੀਟਾਂ ਬਸਪਾ ਉਮੀਦਵਾਰਾਂ ਲਈ ਪਹਿਲਾਂ ਤੋਂ ਰਾਖਵੀਆਂ ਹਨ ਅਤੇ ਹੁਣ ਸੁਖਬੀਰ ਸਿੰਘ ਬਾਦਲ ਬੜੀ ਚਲਾਕੀ ਨਾਲ ਇਨ੍ਹਾਂ ਸੀਟਾਂ 'ਤੇ ਆਪਣੇ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ  ਖੜ੍ਹਾ ਕਰਕੇ ਬਸਪਾ ਦੇ ਕਾਡਰ ਨੂੰ  ਕੇਵਲ ਸਿਆਸੀ ਲਾਹਾ ਲੈਣ ਲਈ ਵਰਤ ਰਿਹਾ ਹੈ | ਸ: ਢੀਂਡਸਾ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਟਾਂਡਾ ਹਾਲਕੇ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਲਖਵਿੰਦਰ ਸਿੰਘ ਲੱਖੀ ਨੂੰ  ਬਸਪਾ ਵਿੱਚ ਸਾਮਿਲ ਕਰਵਾ ਕੇ ਬਸਪਾ ਦੀ ਰਾਖਵੀਂ ਸੀਟ 'ਤੇ ਉਮੀਦਵਾਰ ਐਲਾਨ ਕੀਤਾ ਗਿਆ ਸੀ | ਸ: ਢੀਂਡਸਾ ਨੇ ਹੈਰਾਨੀ ਜਹਿਰ ਕੀਤੀ ਕਿ ਬਸਪਾ ਦੀਆਂ ਸੀਟਾਂ 'ਤੇ ਅਕਾਲੀ ਦਲ ਬਾਦਲ ਕਬਜਾ ਕਰਦਾ ਜਾ ਰਿਹਾ ਹੈ ਪਰ ਬਸਪਾ ਹਾਈਕਮਾਨ ਜਾਂ ਉਸਦੇ ਕਿਸੇ ਵੀ ਸਥਾਨਕ ਆਗੂ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਇੱਕ ਵੀ ਸਬਦ ਨਹੀ ਨਿਕਲਿਆ | ਉਨ੍ਹਾਂ ਕਿਹਾ ਕਿ ਸਾਰੇ ਹਾਲਾਤ ਵੇਖਦੇ ਹੋਏ ਇੰਜ ਲੱਗਦਾ ਹੈ ਕਿ ਸੁਖਬੀਰ ਨੇ ਪੈਸੇ ਦੇ ਜੋਰ 'ਤੇ ਬਸਪਾ ਨੂੰ  ਖਰੀਦ ਲਿਆ ਹੈ ਅਤੇ ਉਹ ਬਸਪਾ ਨੂੰ  ਹੁਣ ਗੁਲਾਮ ਬਣਾਕੇ ਕੱਠਪੁਤਲੀ ਦੀ ਤਰ੍ਹਾਂ ਨਚਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਅਜਿਹਾ ਕਰਨਾ ਬਸਪਾ ਦੇ ਹਮਾਇਤੀਆਂ ਨਾਲ ਸਰੇਆਮ ਧੋਖੇਬਾਜੀ ਹੈ | ਜਿਸਤੋਂ ਪੰਜਾਬ ਦੇ ਲੋਕਾਂ ਅਤੇ ਵਿਸੇਸ ਤੌਰ 'ਤੇ ਦਲਿਤ ਸਮਾਜ ਨੂੰ  ਸੁਚੇਤ ਰਹਿਣ ਦੀ ਲੋੜ ਹੈ |
ਸ: ਢੀਂਡਸਾ ਨੇ ਕਿਹਾ ਕਿ ਜਿਸ ਯੋਜਨਾਬੱਧ ਢੰਗ ਨਾਲ ਭਾਜਪਾ ਆਗੂ ਅਕਾਲੀ ਦਲ ਬਾਦਲ ਵਿੱਚ ਸਾਮਿਲ ਹੋ ਰਹੇ ਹਨ ਉਸ ਤੋਂ ਸਪਸੱਟ ਹੁੰਦਾ ਹੈ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਅੰਦਰਖਾਤੇ ਗੱਠਜੋੜ ਬਰਕਰਾਰ ਹੈ ਅਤੇ ਅਕਾਲੀ ਦਲ ਬਾਦਲ ਭਾਜਪਾ ਅਤੇ ਆਰ.ਐੱਸ.ਐੱਸ ਦਾ ਹੀ ਦੂਜਾ ਚਿਹਰਾ ਹੈ |