ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ ਸਮਰਪਿਤ ਕੀਤੇ 10 ਸਰਕਾਰੀ ਸਕੂਲਾਂ ਦੇ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਲੰਪਿਕ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਮ ਰੱਖੇ ਜਾਣ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਮਿਲੇਗੀ ਪ੍ਰੇਰਣਾ: ਸਕੂਲ ਸਿੱਖਿਆ ਮੰਤਰੀ

Punjab names 10 government schools after Olympic medal winner hockey players

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ  ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ।

Dilpreet Singh

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

Gurjant Singh

ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ.ਐਸ.ਐਸ.ਐਸ) ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ।

Hardik Singh

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਜੋ ਓਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਧ ਛੇ ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। ਉਨਾਂ ਕਿਹਾ ਕਿ ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿੰਮੋਵਾਲ ਵਜੋਂ ਜਾਣਿਆ ਜਾਵੇਗਾ।

Harmanpreet Singh

ਸਿੰਗਲਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।

Krishan Pathak

ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ ।

Manpreet Singh

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਸਨ। ਉਨਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।

Rupinder Pal Singh

ਉਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿੱਚ ਸਟਰਾਈਕਰ ਵਜੋਂ ਖੇਡ ਰਹੇ ਸਨ।

Shamsher Singh

ਉਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਮ ਦਿੱਤਾ ਗਿਆ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਨੇ ਦੋ ਬਹੁਤ ਅਹਿਮ ਗੋਲ ਦਾਗੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ., ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ, ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ।

Simranjeet Singh 

ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਲਈ ਦੂਜੀ ਸਭ ਤੋਂ ਵੱਡੀ ਟੀਮ ਭੇਜੀ ਸੀ ਕਿਉਂਕਿ ਕੁੱਲ 124 ਖਿਡਾਰੀਆਂ ਵਿੱਚੋਂ 20 ਪੰਜਾਬ ਦੇ ਸਨ। ਸਿੰਗਲਾ ਜੋ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ

Varun Kumar

ਨੇ ਦੱਸਿਆ ਕਿ ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨਾਂ ਖਿਡਾਰੀਆਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨਾਂ ਦੀਆਂ ਮਨਪਸੰਦ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।