ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਮਿਲੇਗੀ ਇਕ ਪੈਨਸ਼ਨ
ਹੁਣ ਸਾਬਕਾ ਵਿਧਾਇਕਾਂ ਨੂੰ 75,000 ਪ੍ਰਤੀ ਮਹੀਨਾ ਦੀ ਬਜਾਏ ਲਗਭਗ 76,800 ਰੁਪਏ ਪੈਨਸ਼ਨ ਮਿਲੇਗੀ।
ਚੰਡੀਗੜ੍ਹ: ਪੰਜਾਬ ਵਿਚ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਹੋਣ ਦੇ ਚਲਦਿਆਂ ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਇਕ ਪੈਨਸ਼ਨ ਮਿਲੇਗੀ। ਮਾਨ ਸਰਕਾਰ ਨੇ ਭਾਵੇਂ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਬਣਾ ਕੇ ਪੰਜਾਬ 'ਤੇ ਪਿਆ ਭਾਰੀ ਬੋਝ ਘਟਾ ਦਿੱਤਾ ਹੋਵੇ ਪਰ ਇਹ ਵੀ ਹਕੀਕਤ ਹੈ ਕਿ 16ਵੀਂ ਵਿਧਾਨ ਸਭਾ 'ਚ ਪਹਿਲੀ ਵਾਰ ਸਭ ਤੋਂ ਵੱਧ ਸਾਬਕਾ ਵਿਧਾਇਕ ਪੈਨਸ਼ਨ ਲੈਣਗੇ ਕਿਉਂਕਿ 16ਵੀਂ ਵਿਧਾਨ ਸਭਾ ਵਿਚ ਸਭ ਤੋਂ ਵੱਧ ਨਵੇਂ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਪਹੁੰਚੇ ਹਨ।
Pension
15ਵੀਂ ਵਿਧਾਨ ਸਭਾ ਤੱਕ ਸਾਬਕਾ ਵਿਧਾਇਕਾਂ ਦੀ ਗਿਣਤੀ 239 ਸੀ, ਜਿਨ੍ਹਾਂ ਵਿਚੋਂ ਤਿੰਨ ਵਿਧਾਇਕਾਂ ਦੀ ਮੌਤ ਤੋਂ ਬਾਅਦ ਇਹ ਗਿਣਤੀ 236 ਰਹਿ ਗਈ ਹੈ। ਹੁਣ ਇਸ ਵਿਚ 81 ਸਾਬਕਾ ਵਿਧਾਇਕਾਂ ਦੀ ਗਿਣਤੀ ਜੁੜ ਗਈ ਹੈ ਕਿਉਂਕਿ 2022 ਦੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਚਲਦਿਆਂ ਕਈ ਸਾਬਕਾ ਦਿੱਗਜ ਵਿਧਾਨ ਸਭਾ ਦੀ ਪੌੜੀ ਨਹੀਂ ਚੜ੍ਹ ਸਕੇ।
Pension
15ਵੀਂ ਵਿਧਾਨ ਸਭਾ ਤੱਕ ਪਹਿਲੀ ਵਾਰ ਵਿਧਾਇਕ ਨੂੰ 75,000 ਰੁਪਏ ਪੈਨਸ਼ਨ ਮਿਲਦੀ ਸੀ। ਇਸ ਤੋਂ ਬਾਅਦ ਹਰ ਵਾਰ ਜਿੱਤਣ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਵਿਚ 50,000 ਰੁਪਏ ਦਾ ਵਾਧਾ ਹੁੰਦਾ ਸੀ। ਹਾਲਾਂਕਿ ਵਿਧਾਇਕ ਨੂੰ ਪੈਨਸ਼ਨ ਉਦੋਂ ਹੀ ਮਿਲਦੀ ਸੀ ਜਦੋਂ ਉਹ ਹਾਰ ਜਾਂਦੇ ਸਨ। ਪੰਜਾਬ ਸਰਕਾਰ ਨੇ ਜੂਨ 2022 ਵਿਚ ਵਿਧਾਨ ਸਭਾ ਵਿਚ ਇਕ ਵਿਧਾਇਕ ਇਕ ਪੈਨਸ਼ਨ ਬਿੱਲ ਪਾਸ ਕੀਤਾ ਸੀ, ਜਿਸ ਦਾ ਨੋਟੀਫਿਕੇਸ਼ਨ 11 ਅਗਸਤ ਨੂੰ ਜਾਰੀ ਕੀਤਾ ਗਿਆ ਸੀ।
Bhagwant Mann
11 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਕਾਰਨ ਵਿਧਾਇਕਾਂ ਨੂੰ 10 ਅਗਸਤ ਤੱਕ ਪੁਰਾਣੀ ਪੈਨਸ਼ਨ ਦਾ ਲਾਭ ਮਿਲੇਗਾ। ਭਾਵੇਂ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਇਸ ਨਾਲ ਸਾਲਾਨਾ 19 ਕਰੋੜ ਰੁਪਏ ਦੀ ਬਚਤ ਹੋਵੇਗੀ ਪਰ ਵਿਧਾਇਕਾਂ ਦੀ ਪੈਨਸ਼ਨ ਵਿਚ 1800 ਰੁਪਏ ਦਾ ਵਾਧਾ ਹੋਇਆ ਹੈ। ਹੁਣ ਸਾਬਕਾ ਵਿਧਾਇਕਾਂ ਨੂੰ 75,000 ਪ੍ਰਤੀ ਮਹੀਨਾ ਦੀ ਬਜਾਏ ਲਗਭਗ 76,800 ਰੁਪਏ ਪੈਨਸ਼ਨ ਮਿਲੇਗੀ। ਦੱਸ ਦੇਈਏ ਕਿ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਸਾਬਕਾ ਵਿਧਾਇਕ ਦੀ ਉਮਰ 65 ਸਾਲ, 75 ਸਾਲ ਅਤੇ 80 ਸਾਲ ਹੋਣ 'ਤੇ 5 ਫੀਸਦੀ ਵਾਧੂ ਪੈਨਸ਼ਨ ਮਿਲਦੀ ਹੈ। 317 ਵਿਚੋਂ ਵੱਡੀ ਗਿਣਤੀ ਵਿਚ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ।