ਬਾਦਲਾਂ ਨਾਲੋਂ ਵੱਖ ਹੋਏ ਹਰਿਆਣਾ ਦੇ ਅਕਾਲੀ, ਅਕਾਲੀ ਦਲ 'ਚ ਪਰਿਵਾਰਵਾਦ ਦੇ ਲਗਾਏ ਦੋਸ਼
ਹਰਿਆਣਾ ਦੇ ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਦਲ ਪਰਿਵਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿੱਤਾ।
ਚੰਡੀਗੜ੍ਹ - ਹਰਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬਾਦਲ ਪਰਿਵਾਰ ਦਾ ਸਾਥ ਛੱਡ ਦਿੱਤਾ ਹੈ। ਆਗੂਆਂ ਨੇ ਹਰਿਆਣਾ ਅਕਾਲੀ ਦਲ ਦਾ ਗਠਨ ਕਰ ਲਿਆ ਹੈ। ਅਕਾਲੀ ਦਲ ਛੱਡ ਕੇ ਆਏ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਪਰਿਵਾਰਵਾਦ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਅਕਾਲ ਤਖ਼ਤ ਤੋਂ ਲੈ ਕੇ ਅਕਾਲੀ ਦਲ ਬਾਦਲ ਪਰਿਵਾਰ ਨੇ ਹਰਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਅਸਤੀਫ਼ੇ ਦੇਣ ਲਈ ਮਜ਼ਬੂਰ ਕਰ ਦਿੱਤਾ ਹੈ।
ਅਸਤੀਫਾ ਦੇਣ ਵਾਲਿਆਂ ਵਿੱਚ ਮੁੱਖ ਤੌਰ 'ਤੇ ਭੁਪਿੰਦਰ ਸਿੰਘ ਸੰਧਵਾਂ ਸ਼੍ਰੋਮਣੀ ਕਮੇਟੀ ਮੈਂਬਰ ਹਰਿਆਣਾ, ਬੀਬੀ ਰਵਿੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਸਟਰੀਟ ਵਿੰਗ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਕਵਲਜੀਤ ਸਿੰਘ ਅਜਰਾਣਾ ਸਿਆਸੀ ਸਲਾਹਕਾਰ ਕਮੇਟੀ ਤੇ ਅਕਾਲੀ ਦਲ ਹਰਿਆਣਾ ਦੇ ਬੁਲਾਰੇ, ਸੁਖਦੇਵ ਸਿੰਘ ਗੋਬਿੰਦਗੜ੍ਹ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕੌਮੀ ਸੀਨੀਅਰ ਉਪ-ਪ੍ਰਧਾਨ ਅਕਾਲੀ ਦਲ, 10 ਜ਼ਿਲ੍ਹਿਆਂ ਦੇ ਜ਼ਿਲ੍ਹਾ ਪੱਧਰ 'ਤੇ ਮੁੱਖ ਮੈਂਬਰ ਸ਼ਾਮਲ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਦਲ ਪਰਿਵਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿੱਤਾ।
ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ ਸੋਮਵਾਰ ਨੂੰ ਕਰਨਾਲ 'ਚ ਕੀਤੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਜਿਸ ਕਾਰਨ ਅਕਾਲੀ ਦਲ ਖ਼ਤਮ ਹੋ ਗਿਆ ਹੈ। ਅਕਾਲੀ ਦਲ ਦੀ ਪੰਜਾਬ ਵਿਚ ਕਿਸੇ ਸਮੇਂ ਇੰਨੀ ਮਜ਼ਬੂਤ ਸੰਪਰਦਾਇਕ ਅਤੇ ਸਿਆਸੀ ਪਕੜ ਸੀ, ਅੱਜ ਉਹ ਢਿੱਲੀ ਪੈ ਗਈ ਹੈ ਅਤੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਸੰਗਤ ਆਪਣੇ ਪੰਥ ਦੀਆਂ ਸੰਸਥਾਵਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਉਹ ਪਾਰਟੀ ਹੈ, ਜੋ ਸਿਆਸੀ ਅਤੇ ਧਾਰਮਿਕ ਤੌਰ 'ਤੇ ਹਮੇਸ਼ਾ ਮਜ਼ਬੂਤ ਰਹੀ ਹੈ ਪਰ ਅੱਜ ਸੁਖਬੀਰ ਬਾਦਲ ਦੀਆਂ ਕਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਗਈ ਹੈ। ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਸਮੁੱਚਾ ਅਕਾਲੀ ਦਲ ਬਾਦਲ ਪਰਿਵਾਰ ਦੇ ਕਬਜ਼ੇ ਹੇਠ ਹੈ। ਜੋ ਸੁਖਬੀਰ ਬਾਦਲ ਕਹਿੰਦਾ ਹੈ ਪਾਰਟੀ ਵਿਚ ਉਹੀ ਹੁੰਦਾ ਹੈ।, ਜੇਕਰ ਤਬਾਦਲਾ ਵੀ ਕਰਨਾ ਹੋਵੇ ਤਾਂ ਸੁਖਬੀਰ ਬਾਦਲ ਦੀ ਸਹਿਮਤੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਆਗੂ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਹਨ।
ਸਾਰੇ ਆਗੂ ਇੱਕ ਹੀ ਇਲਜ਼ਾਮ ਲਾ ਰਹੇ ਹਨ ਕਿ ਅਕਾਲੀ ਦਲ ਬਾਦਲ ਪਰਿਵਾਰ ਦਾ ਹੀ ਰਹਿ ਗਿਆ ਹੈ, ਪਰ ਉਹ ਇਸ ਅਕਾਲੀ ਦਲ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ, ਜਿਸ ਕਾਰਨ ਅਕਾਲੀ ਦਲ ਹਰਿਆਣਾ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵੱਖਰੀ ਪਾਰਟੀ ਬਣ ਗਿਆ ਹੈ। 5 ਮੈਂਬਰੀ ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਭਵਿੱਖ ਵਿਚ ਹੋਰ ਮੈਂਬਰ ਵੀ ਸ਼ਾਮਲ ਕੀਤੇ ਜਾਣਗੇ। ਅੱਜ ਦੀ ਪ੍ਰੈਸ ਕਾਨਫਰੰਸ ਵਿਚ 10 ਜ਼ਿਲ੍ਹਿਆਂ ਦੇ ਜ਼ਿਲ੍ਹਾ ਪੱਧਰੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੁੱਜੇ ਹੋਏ ਸਨ। ਹੁਣ ਜਿਨ੍ਹਾਂ 5 ਮੈਂਬਰੀ ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਭੁਪਿੰਦਰ ਸਿੰਘ ਅਸੰਧ, ਗੁਰਮੀਤ ਸਿੰਘ ਟਰੋਲਕੇਵਾਲ, ਕੰਵਲਜੀਤ ਸਿੰਘ ਅਜਰਾਣਾ, ਸੁਖਦੇਵ ਸਿੰਘ ਗੋਬਿੰਦਗੜ੍ਹ, ਇੰਦਰਪਾਲ ਸਿੰਘ ਕਰਨਾਲ ਸ਼ਾਮਲ ਹਨ।