ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਭੂਸ਼ਣ ਆਸ਼ੂ ’ਤੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਇਲਜ਼ਾਮ ਲੱਗੇ ਹਨ।

Bharat Bhushan Ashu

ਲੁਧਿਆਣਾ - ਵਿਜੀਲੈਂਸ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਭੂਸ਼ਣ ਆਸ਼ੂ ’ਤੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਜਦੋਂ ਅਸੀਂ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਤਾਂ ਮੈਂ ਆਸ਼ੂ ਨੂੰ ਉਨ੍ਹਾਂ ਦੇ ਘਰ ਛੱਡ ਕੇ ਗਿਆ। ਇਸ ਤੋਂ ਕੁਝ ਸਮੇਂ ਬਾਅਦ ਹੀ ਵਿਜੀਲੈਂਸ ਆਸ਼ੂ ਨੂੰ ਸੈਲੂਨ ਵਿਚ ਗ੍ਰਿਫ਼ਤਾਰ ਕਰਨ ਆ ਗਈ। ਰਵਨੀਤ ਬਿੱਟੂ ਨੇ ਵਿਜੀਲੈਂਸ ਦਾ ਵਿਰੋਧ ਵੀ ਕੀਤਾ ਤੇ ਉਹਨਾਂ ਤੋਂ ਗ੍ਰਿਫ਼ਤਾਰੀ ਦੇ ਵਾਰੰਟ ਵੀ ਮੰਗੇ ਪਰ ਵਿਜੀਲੈਂਸ ਨਾਲ ਉਹਨਾਂ ਦੀ ਬਹਿਸ ਹੋ ਗਈ। 

ਦੱਸ ਦਈਏ ਕਿ ਅੱਜ ਸਵੇਰੇ ਹੀ ਮੋਹਾਲੀ 'ਚ ਆਸ਼ੂ ਨੇ ਕਿਹਾ ਸੀ ਕਿ ਜੇਕਰ ਮੈਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਕਰ ਲਓ। ਉਸ ਦਾ ਕਿਸੇ ਘੁਟਾਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਸ ਨੂੰ ਬਿਨਾਂ ਵਜ੍ਹਾ ਫਸਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ ਸੀ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ, ਕਈ ਸਾਬਕਾ ਮੰਤਰੀ ਅਤੇ ਵਿਧਾਇਕ ਮੌਜੂਦ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਦੀ ਵੀ ਵਿਜੀਲੈਂਸ ਨੂੰ ਲੋੜ ਹੈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। 

ਵੜਿੰਗ ਨੇ ਕਿਹਾ- ਹਰ ਰੋਜ਼ ਵਿਜੀਲੈਂਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 5 ਮਹੀਨਿਆਂ ਤੋਂ ਮਾਹੌਲ ਬਣਾਇਆ ਜਾ ਰਿਹਾ ਹੈ। ਹਰ ਰੋਜ਼ ਆਮ ਆਦਮੀ ਪਾਰਟੀ ਦੇ ਆਗੂ ਵਿਜੀਲੈਂਸ ਦਾ ਨਾਂ ਲੈ ਕੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ। ਘਰਾਂ ਵਿਚ ਸੌਂ ਰਹੇ ਕਾਂਗਰਸੀ ਫੜ ਲਏ ਜਾਂਦੇ ਹਨ। ਉਹ ਕੋਈ ਚੋਰ ਨਹੀਂ ਹਨ,ਉਹਨਾਂ ਨੂੰ ਸੰਮਨ ਜਾਰੀ ਕਰੋ ਤੇ ਬੁਲਾਓ। ਡਾਇਰੀ ਖੁਦ ਤਿਆਰ ਕਰਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਫੜ ਲਿਆ ਹੈ। ਸਹੀ ਤਰੀਕਾ ਇਸ ਦੀ ਜਾਂਚ ਕਰਨਾ ਹੈ। ਜੇ ਤੁਸੀਂ ਫੜੇ ਜਾਂਦੇ ਹੋ, ਤਾਂ ਤੁਹਾਨੂੰ ਕੱਟੜ ਈਮਾਨਦਾਰ ਕਿਹਾ ਜਾਂਦਾ ਹੈ।