ਸਿਮਰਜੀਤ ਬੈਂਸ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਕਿਹਾ - ਸਾਬਕਾ ਮੰਤਰੀਆਂ ਖਿਲਾਫ਼ ਦੇਵਾਂਗਾ ਸਬੂਤ
ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸੀ ਤਾਂ ਉਸ ਸਮੇਂ ਕਈ ਘਪਲੇ ਹੋਏ ਸੀ।
ਪਟਿਆਲਾ : ਪਟਿਆਲਾ ਦੀ ਮਾਣਯੋਗ ਅਦਾਲਤ ਵਿਚ ਅੱਜ ਸਿਮਰਜੀਤ ਬੈਂਸ ਦੀ ਮਾਣਹਾਨੀ ਦੇ ਮਾਮਲੇ ਵਿਚ ਪੇਸ਼ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਮੋਨਿਕਾ ਸ਼ਰਮਾ ਦੀ ਅਦਾਲਤ ਵਿਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਬੈਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਪੇਸ਼ੀ ਮੈਡੀਕਲ ਮਾਫ਼ੀਆ ਨੂੰ ਲੈ ਕੇ ਹੈ ਅਤੇ ਮੈਂ ਹੁਣ ਜੱਜ ਸਾਹਿਬਾ ਦੇ ਅੱਗੇ ਵੀ ਬੇਨਤੀ ਕਰਾਂਗਾ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਪਲਿਆਂ ਦੀਆਂ ਵੀਡੀਓਜ਼ ਵੀ ਨਸ਼ਰ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸੀ ਤਾਂ ਉਸ ਸਮੇਂ ਕਈ ਘਪਲੇ ਹੋਏ ਸੀ।
ਜਿਸ ਦੇ ਕਈ ਸਬੂਤ ਇਨ੍ਹਾਂ ਨੇ ਕਾਗ਼ਜ਼ਾਂ ਵਿਚ ਮਿਟਾਅ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ ਉਸ ਨੂੰ ਇਹ ਕਿਸ ਤਰ੍ਹਾਂ ਮਿਟਾਅ ਸਕਣਗੇ। ਬੈਂਸ ਨੇ ਕਿਹਾ ਕਿ ਜਦੋਂ ਮੇਰੇ ਕੋਲ ਉਹ ਵੀਡੀਓਜ਼ ਪਹੁੰਚਣਗੀਆਂ ਮੈਂ ਉਹਨਾਂ ਨੂੰ ਮੀਡੀਆ ਸਾਹਮਣੇ ਨਸ਼ਰ ਕਰਾਂਗਾ। ਉਨ੍ਹਾਂ ਕਿਹਾ ਕਿ ਇਹ ਤਾਂ ਇੱਕ ਮਾਮਲਾ ਹੈ ਪਰ ਅਜਿਹੇ ਹੋਰ ਕਈ ਮਾਮਲੇ ਹਨ ਜਿਸ ਵਿਚ ਬ੍ਰਹਮ ਮਹਿੰਦਰਾ ਦੀ ਸਿੱਧੇ ਤੌਰ ’ਤੇ ਸ਼ਮੂਲੀਅਤ ਰਹੀ ਹੈ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਵੀ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈ ਜਦਕਿ ਸਿਰਫ਼ ਪੈਸੇ ਦੇ ਕੇ ਹੀ ਅਖ਼ਬਾਰਾਂ ਦੇ ਪੂਰੇ ਪੰਨਿਆਂ ’ਤੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ। ਜੇਕਰ ਕੋਈ ਕੰਮ ਕੀਤਾ ਹੁੰਦਾ ਜਾਂ ਕੋਈ ਵਿਕਾਸ ਹੁੰਦਾ ਤਾਂ ਇਸ਼ਤਿਹਾਰ ਲਗਾਉਣ ਦੀ ਲੋੜ ਨਹੀਂ ਸੀ ਪੈਣੀ।