Tarntaran News : 'ਆਪ' ਆਗੂ ਦੇ ਭਰਾ ਵਲੋਂ 18 ਕਰੋੜ ਦੇ 'ਗਬਨ' ਦੇ ਮਾਮਲੇ ਵਿਚ 8 ਪੰਚਾਇਤ ਸਕੱਤਰ ਮੁਅੱਤਲ
Tarntaran News : ਡਿਪਟੀ ਕਮਿਸ਼ਨਰ ਨੇ 10 ਪੰਚਾਇਤ ਸਕੱਤਰਾਂ ਵਿਰੁਧ 'ਸਖ਼ਤ ਕਾਰਵਾਈ' ਦੀ ਕੀਤੀ ਸੀ ਸਿਫ਼ਾਰਸ਼
8 Panchayat Secretaries Suspended in Case of Embezzlement of Rs 18 Crore by AAP Leader's Brother in Tarntaran ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ‘ਆਪ’ ਆਗੂ ਰਣਜੀਤ ਸਿੰਘ ਚੀਮਾ ਦੇ ਭਰਾ ਦੀ ਸ਼ਮੂਲੀਅਤ ਵਾਲੇ 18 ਕਰੋੜ ਰੁਪਏ ਦੇ ਪੰਚਾਇਤ ਫ਼ੰਡਾਂ ਦੇ ਕਥਿਤ ਗਬਨ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਅੱਠ ਪੰਚਾਇਤ ਸਕੱਤਰਾਂ ਨੂੰ ਮੁਅੱਤਲ ਕਰ ਦਿਤਾ ਗਿਆ।
ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵਲੋਂ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰਾਂ ਦੀ ਪਛਾਣ ਗੁਰਜਿੰਦਰ ਸਿੰਘ, ਹਰਦਿਆਲ ਸਿੰਘ, ਸਾਹਨਸ਼ਾਹ ਸਿੰਘ, ਜਸਪਾਲ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਅਤੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ।
ਦੱਸ ਦਈਏ ਕਿ ਜੁਲਾਈ ਵਿਚ, ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਸਿੰਧੂ ਨੇ ਕਥਿਤ ਗਬਨ ਦੀ ਜਾਂਚ ਲਈ ਲੋੜੀਂਦਾ ਰਿਕਾਰਡ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੇ 10 ਪੰਚਾਇਤ ਸਕੱਤਰਾਂ ਵਿਰੁਧ "ਸਖ਼ਤ ਕਾਰਵਾਈ" ਦੀ ਸਿਫ਼ਾਰਸ਼ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਤੰਬਰ 2024 ਵਿਚ ਰਿਪੋਰਟ ਦਿਤੀ ਗਈ ਸੀ ਕਿ ‘ਆਪ’ ਨੇਤਾ ਰਣਜੀਤ ਸਿੰਘ ਚੀਮਾ ਦੇ ਭਰਾ ਬਲਜੀਤ ਸਿੰਘ 'ਤੇ ਕਾਉਬੇਰੀ ਐਗਰੋਵੇਟ ਓ.ਪੀ.ਸੀ. ਪ੍ਰਾਈਵੇਟ ਲਿਮਟਿਡ ਰਾਹੀਂ ਫ਼ੰਡਾਂ ਦੀ ਹੇਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ, ਜੋ ਕਿ ਪਸ਼ੂਆਂ ਦੇ ਚਾਰੇ ਅਤੇ ਵਾਟਰ ਕੂਲਰ ਕਾਰੋਬਾਰਾਂ ਵਿਚ ਲੱਗੇ ਹੋਈ ਸਨ। 2023 ਵਿਚ ਜਦੋਂ ਉਸ ਦਾ ਭਰਾ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦਾ ਚੇਅਰਮੈਨ ਬਣਿਆ ਤਾਂ ਉਸ ਨੂੰ ਜਲ ਸਰੋਤ ਵਿਭਾਗ ਵਿਚ ਇਕ ਠੇਕੇਦਾਰ ਵਜੋਂ ਭਰਤੀ ਕੀਤਾ ਗਿਆ ਸੀ।
ਇਹ ਜਾਂਚ ਆਰ.ਟੀ.ਆਈ. ਕਾਰਕੁਨ ਜਸਕੀਰਤ ਸਿੰਘ ਸਿੱਧੂ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ 'ਤੇ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਖਡੂਰ ਸਾਹਿਬ ਹਲਕੇ ਦੇ ਪਿੰਡਾਂ ਵਿਚ ਪ੍ਰਾਜੈਕਟਾਂ ਲਈ ਫ਼ੰਡ ਜਾਰੀ ਕੀਤੇ ਗਏ ਸਨ ਪਰ ਕੰਮ ਜਾਂ ਤਾਂ ਅਧੂਰਾ ਸੀ ਜਾਂ ਕਦੇ ਸ਼ੁਰੂ ਨਹੀਂ ਹੋਇਆ।
ਹਾਲਾਂਕਿ, ਜਾਂਚ ਅੱਗੇ ਨਹੀਂ ਵਧ ਸਕੀ ਕਿਉਂਕਿ ਪੰਚਾਇਤ ਸਕੱਤਰਾਂ ਨੇ ਜੂਨ ਅਤੇ ਅਗਸਤ 2024 ਦਰਮਿਆਨ ਚਲਾਏ ਗਏ 85 ਲੱਖ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਰਿਕਾਰਡ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿਤਾ।
ਡਿਪਟੀ ਕਮਿਸ਼ਨਰ ਦੇ ਪੱਤਰ ਵਿਚ ਕਈ ਪੰਚਾਇਤ ਸਕੱਤਰਾਂ ਦੇ ਨਾਮ ਲਏ ਗਏ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਕਾਰਨ ਜਾਂਚ ਵਿਚ ਰੁਕਾਵਟ ਆ ਰਹੀ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਿਆਰਾ ਸਿੰਘ ਨੇ ਕਿਹਾ, "ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਜਾਂਚ ਲਈ ਲੋੜੀਂਦਾ ਰਿਕਾਰਡ ਮੁਹੱਈਆ ਨਹੀਂ ਕਰਵਾਇਆ। ਹੁਣ, ਰਿਕਾਰਡ ਕਿੱਥੇ ਹਨ ਇਸ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ।"
(For more news apart from 8 Panchayat Secretaries Suspended in Case of Embezzlement of Rs 18 Crore by AAP Leader's Brother in Tarntaran stay tuned to Rozana Spokesman.)