‘‘ਲੋਕ ਭਲਾਈ ਲਈ 10 ਫ਼ੀਸਦੀ ਕੇਸ ਬਿਨਾਂ ਫ਼ੀਸ ਦੇ ਕਰਨ ਵਕੀਲ’’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਦੇ ਜੱਜ ਹੇਮੰਤ ਗੁਪਤਾ ਦਾ ਬਿਆਨ, ਸਿੱਖਾਂ ਵੱਲੋਂ ਕੀਤੀ ਜਾਂਦੀ ਲੰਗਰ ਦੀ ਸੇਵਾ ਦਾ ਦਿੱਤਾ ਹਵਾਲਾ

‘‘ਲੋਕ ਭਲਾਈ ਲਈ 10 ਫ਼ੀਸਦੀ ਕੇਸ ਬਿਨਾਂ ਫ਼ੀਸ ਦੇ ਕਰਨ ਵਕੀਲ’’

ਲੁਧਿਆਣਾ (ਵਿਸ਼ਾਲ ਕਪੂਰ)- ਲੁਧਿਆਣਾ ਕੋਰਟ ਕੰਪਲੈਕਸ ਨੂੰ ਇਕ ਨਵੀਂ ਇਮਾਰਤ ਮਿਲ ਗਈ ਹੈ ਜੋ ਮੌਜੂਦਾ ਸਮੇਂ ਦੇ ਹਿਸਾਬ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ। 7 ਮੰਜ਼ਿਲਾ ਇਸ ਸ਼ਾਨਦਾਰ ਇਮਾਰਤ ਦਾ ਉਦਘਾਟਨ ਮਾਣਯੋਗ ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਸੂਰੀਆ ਕਾਂਤ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੇਮੰਤ ਗੁਪਤਾ ਨੇ ਪੰਜਾਬ ਦੇ ਸ਼ਾਂਤਮਈ ਮਾਹੌਲ ਦੀ ਤਾਰੀਫ਼ ਕਰਦਿਆਂ ਆਖਿਆ ਕਿ ਸਿੱਖ ਕੌਮ ਵੱਲੋਂ ਕੁਦਰਤੀ ਆਫ਼ਤਾਂ ਦੇ ਮਾਰੇ ਲੋਕਾਂ ਲਈ ਜਾ ਕੇ ਲੰਗਰ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕੋਰਟ ਵਿਚ ਲੰਗਰ ਦੀ ਲੋੜ ਤਾਂ ਨਹੀਂ ਪਰ ਇੱਥੋਂ ਦੇ ਵਕੀਲਾਂ ਨੂੰ ਚਾਹੀਦਾ ਹੈ ਕਿ ਉਹ 10 ਫ਼ੀਸਦੀ ਗ਼ਰੀਬ ਲੋਕਾਂ ਦੇ ਕੇਸ ਮੁਫ਼ਤ ਵਿਚ ਲੜ ਕੇ ਲੋਕ ਸੇਵਾ ਵਿਚ ਅਪਣਾ ਯੋਗਦਾਨ ਪਾਉਣ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਆਖਿਆ ਕਿ ਇਹ ਬਣੀ ਇਮਾਰਤ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਇਮਾਰਤ ਵਿਚ 13 ਨਵੀਆਂ ਅਦਾਲਤਾਂ ਬਣਾਈਆਂ ਗਈਆਂ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਿਚ ਆਸਾਨੀ ਹੋ ਸਕੇ। 

ਇਸ ਦੇ ਨਾਲ ਹੀ ਜਸਟਿਸ ਰਾਜਨ ਗੁਪਤਾ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਨੇ ਬੋਲਦਿਆਂ ਆਖਿਆ ਕਿ ਇਸ 7 ਮੰਜ਼ਿਲਾ ਇਮਾਰਤ ਨੂੰ ਬਣਾਉਣ ਲਈ ਕਰੀਬ 20 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਇਹ ਇਮਾਰਤ ਫੁਲੀ ਏਅਰ ਕੰਡੀਸ਼ਡ। ਦੱਸ ਦਈਏ ਕਿ ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕੁਮਾਰ ਜੈਨ ਸੈਸ਼ਨ ਡਿਵੀਜ਼ਨ ਲੁਧਿਆਣਾ, ਜਸਟਿਸ ਰਾਜਨ ਗੁਪਤਾ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਲਲਿਤ ਬਤਰਾ ਸੈਸ਼ਨ ਡਿਵੀਜ਼ਨ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ..ਜਦਕਿ ਲੁਧਿਆਣਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਅਤੇ ਹੋਰ ਜੱਜ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ।