ਆਈਸਕ੍ਰੀਮ ਸਟੂਡੀਓ ’ਚ ਕੁੱਟਮਾਰ ਦਾ ਮਾਮਲਾ ਗਰਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਲਕ ਵੱਲੋਂ ਪੀੜਤ ਵਿਅਕਤੀ ’ਤੇ ਸ਼ਰਾਬੀ ਹੋਣ ਦੇ ਇਲਜ਼ਾਮ

Fight in Ice Cream Studio

ਲੁਧਿਆਣਾ(ਵਿਸ਼ਾਲ ਕਪੂਰ)- ਲੁਧਿਆਣਾ ਦੇ ਇਕ ਆਈਸਕ੍ਰੀਮ ਸਟੂਡੀਓ ਵਿਚ ਰੱਖੇ ਗਏ ਇਕ ਬਾਊਂਸਰ ਵੱਲੋਂ ਆਈਸਕ੍ਰੀਮ ਖਾਣ ਲਈ ਗਏ ਇਕ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ। ਪੁਲਿਸ ਵੱਲੋਂ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਸਬੰਧਤ ਆਈਸਕ੍ਰੀਮ ਸਟੂਡੀਓ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ।

ਪੀੜਤ ਵਿਅਕਤੀ ਨੇ ਆਈਸਕ੍ਰੀਮ ਦੇਣ ਵਿਚ ਜ਼ਰ੍ਹਾ ਜਿਹੀ ਬਹਿਸ ਤੋਂ ਬਾਅਦ ਉਥੇ ਮੌਜੂਦ ਬਾਊਂਸਰ ਨੇ ਮੇਰੇ ਨਾਲ ਬੱਚਿਆਂ ਦੇ ਸਾਹਮਣੇ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਥੇ ਤਲਵਾਰ, ਰਾਡਾਂ ਅਤੇ ਹੋਰ ਹਥਿਆਰ ਵੀ ਰੱਖੇ ਹੋਏ ਸਨ ਜੋ ਉਥੇ ਮੌਜੂਦ ਸਾਰੇ ਲੋਕਾਂ ਨੇ ਵੇਖੇ। ਉਸ ਨੇ ਕਿਹਾ ਕਿ ਅਜਿਹੇ ਆਈਸਕ੍ਰੀਮ ਸਟੂਡੀਓ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਧਰ ਆਈਸਕ੍ਰੀਮ ਸਟੂਡੀਓ ਦੇ ਮਾਲਕ ਰਾਜਿੰਦਰ ਸਿੰਘ ਬਸੰਤ ਦਾ ਕਹਿਣਾ ਹੈ ਕਿ ਆਈਸਕ੍ਰੀਮ ਸਟੂਡੀਓ ਵਿਚ ਆਏ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸਟਾਫ਼ ਨੂੰ ਗਾਲ੍ਹਾਂ ਕੱਢ ਰਿਹਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਵਧਿਆ।

ਸਟੂਡੀਓ ਵਿਚ ਹਥਿਆਰ ਰੱਖਣ ਦੇ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਇਸ ਮਾਮਲੇ ਨੂੰ ਲੈ ਕੇ ਡਵੀਜ਼ਨ ਨੰਬਰ 5 ਦੀ ਐਸਐਚਓ ਰਿਚਾ ਚੱਢਾ ਦਾ ਕਹਿਣਾ ਹੈ ਕਿ ਬਾਊਂਸਰ ਵੱਲੋਂ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ। ਇਸ ਗੱਲ ਨੂੰ ਖ਼ੁਦ ਬਾਊਂਸਰ ਨੇ ਕਬੂਲ ਕੀਤਾ ਹੈ। ਜਿਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ।

ਦੱਸ ਦਈਏ ਕਿ ਇਸ ਮਾਮਲੇ ਦੀ ਵੀਡੀਓ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਕਾਫ਼ੀ ਭੜਕ ਗਿਆ ਸੀ  ਅਤੇ ਉਨ੍ਹਾਂ ਨੇ ਬਾਊਂਸਰ ਵੱਲੋਂ ਪਰਿਵਾਰ ਦੀ ਕੀਤੀ ਗਈ ਕੁੱਟਮਾਰ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਸਥਾਨਕ ਪੁਲਿਸ ਨੇ ਵੀ ਮੌਕੇ ’ਤੇ ਪੁੱਜ ਕੇ ਬਾਊਂਸਰ ਨੂੰ ਹਿਰਾਸਤ ਵਿਚ ਲੈ ਲਿਆ ਸੀ।