‘ਇਕ ਰਾਸ਼ਟਰ-ਇਕ ਭਾਸ਼ਾ’ ਦਾ ਵਿਚਾਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ : ਸਿੰਗਲਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਏਜੰਡਾ ‘ਅਨੇਕਤਾ ਵਿਚ ਏਕਤਾ’ ਵਾਲੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ

One Nation One Language ideology is death knell for federal structure of country : Vijay Inder Singla

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਚਲਾਇਆ ਜਾ ਰਿਹਾ ‘ਇਕ ਰਾਸ਼ਟਰ- ਇਕ ਭਾਸ਼ਾ’ ਦਾ ਏਜੰਡਾ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ ਅਤੇ ਇਹ ਰੁਝਾਨ ਬਹੁ ਭਾਸ਼ਾਈ ਸੂਬਿਆਂ ਦੇ ਸੁਮੇਲ ਵਾਲੇ ਭਾਰਤ ਦੇਸ਼ ਲਈ ਬਹੁਤ ਖਤਰਨਾਕ ਹੈ। ਪ੍ਰੈਸ ਬਿਆਨ ਵਿਚ ਸਿੰਗਲਾ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਇਕ ਰਾਸ਼ਟਰ- ਇਕ ਭਾਸ਼ਾ’ ਦੇ ਦਿੱਤੇ ਬਿਆਨ ਨਾਲ ਭਾਜਪਾ ਦੇ ਲੁਕਵੇਂ ਏਜੰਡੇ ਦੀ ਬਿੱਲ ਥੈਲਿਓ ਬਾਹਰ ਆ ਗਈ ਹੈ ਜਿਹੜੀ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੈ।

ਉਨ੍ਹਾਂ ਕਿਹਾ ਕਿ ਭਾਰਤ ਬਹੁ ਭਾਸ਼ਾਈ, ਬਹੁ ਸੱਭਿਆਤਾਵਾਂ, ਵਿਭਿੰਨਤਾਵਾਂ ਵਾਲਾ ਦੇਸ਼ ਹੈ ਜਿਸ ਦਾ ਸੰਵਿਧਾਨ ‘ਅਨੇਕਤਾ ਵਿੱਚ ਏਕਤਾ’ ਦੀ ਗੱਲ ਕਰਦਾ ਹੈ ਪ੍ਰੰਤੂ ਭਾਜਪਾ ਆਗੂ ਵੱਲੋਂ ਕਹੀ ਗੱਲ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਉਨਾਂ ਕਿਹਾ ਕਿ ਜਦੋਂ ਤੋਂ ਐਨ.ਡੀ.ਏ. ਦੀ ਸਰਕਾਰ ਦੇਸ਼ ਵਿੱਚ ਆਈ ਹੈ, ਉਦੋਂ ਤੋਂ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਨਵੇਂ ਵਿਚਾਰ ਨਾਲ ਦੇਸ਼ ਦੇ ਸੰਵਿਧਾਨ ਉਪਰ ਸਭ ਤੋਂ ਵੱਡਾ ਹਮਲਾ ਹੋਇਆ ਹੈ।

ਸਿੰਗਲਾ ਨੇ ਕੇਂਦਰੀ ਸੱਤਾ ਵਿੱਚ ਭਾਈਵਾਲ ਅਕਾਲੀ ਦਲ ਨੂੰ ਵੀ ਇਸ ਮਾਮਲੇ ਉਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਚੁੱਪੀ ਵੀ ਸਪੱਸ਼ਟ ਕਰਦੀ ਹੈ ਕਿ ਉਨਾਂ ਨੂੰ ਦੇਸ਼ ਦੇ ਸੰਘੀ ਢਾਂਚੇ ਨਾਲ ਕਿੰਨਾ ਕੁ ਪਿਆਰ ਹੈ ਅਤੇ ਉਹ ਰਾਜਾਂ ਲਈ ਕਿੰਨੇ ਕੁ ਵੱਧ ਅਧਿਕਾਰ ਮੰਗਦੇ ਹਨ। ਉਨਾਂ ਕਿਹਾ ਕਿ ਪੰਜਾਬ ਸੂਬਾ ਬਣਿਆ ਹੀ ਭਾਸ਼ਾ ਦੇ ਆਧਾਰ ਉਤੇ ਸੀ ਅਤੇ ਇਕ ਰਾਸ਼ਟਰ ਇਕ ਭਾਸ਼ਾ ਦਾ ਫਾਰਮੂਲਾ ਪੰਜਾਬ ਵਰਗੇ ਸੂਬਿਆਂ ਲਈ ਸਭ ਤੋਂ ਵੱਧ ਖਤਰਨਾਕ ਹੈ।

ਸਿੰਗਲਾ ਨੇ ਕਿਹਾ ਕਿ ਭਾਰਤ ਵਿਚ ਵੱਖ-ਵੱਖ ਸੂਬਿਆਂ ਤੇ ਖਿੱਤਿਆਂ ਦੀਆਂ ਆਪਣੀਆਂ ਭਾਸ਼ਾਵਾਂ ਹਨ ਅਤੇ ਇਕ ਭਾਸ਼ਾ ਵਾਲੀ ਗੱਲ ਭਾਸ਼ਾਈ ਆਧਾਰ ਉਤੇ ਬਣੇ ਸੂਬਿਆਂ ਦੇ ਲੋਕਾਂ ਦੇ ਖਿਲਾਫ ਹੈ। ਉਨਾਂ ਕਿਹਾ ਕਿ ਇਸ ਨਾਲ ਦੇਸ਼ ਦਾ ਸੰਘੀ ਢਾਂਚਾ ਵੀ ਕਮਜ਼ੋਰ ਹੋਵੇਗਾ। ਉਨਾਂ ਕਿਹਾ ਕਿ ਭਾਜਪਾ ਦੇ ਇਸ ਵਿਚਾਰ ਦਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਵਿਰੋਧ ਹੋਵੇਗਾ ਅਤੇ ਕਾਂਗਰਸ  ਪਾਰਟੀ ਕਦੇ ਵੀ ਭਾਜਪਾ ਨੂੰ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦੇਵੇਗੀ।