ਭੋਗ 'ਤੇ ਵਿਸ਼ੇਸ਼- ਸਿੱਖ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਪਦਮ ਭੂਸ਼ਣ ਡਾ. ਖੇਮ ਸਿੰਘ ਗਿੱਲ
ਡਾ . ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ 1930 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਹੋਇਆ
ਡਾ . ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ 1930 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਹੋਇਆ। ਉਨਾਂ ਨੇ ਮੁਢਲੀ ਪੜ੍ਹਾਈ ਅਪਣੇ ਪਿੰਡ ਤੋਂ ਹੀ ਕਰਨ ਤੋਂ ਬਾਅਦ ਉਚੇਰੀ ਸਿਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰਹਿਣ ਕੀਤੀ। ਉਨ੍ਹਾਂ ਨੇ ਸੰਨ 1949 'ਚ ਖੇਤੀਬਾੜੀ ਦੀ ਗ੍ਰੈਜੂਏਸ਼ਨ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕਰਨ ਤੋਂ ਬਾਅਦ ਖੇਤੀਬਾੜੀ ਦੀ ਮਾਸਟਰ ਡਿਗਰੀ ਸੰਨ 1951 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹਾਸਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਕੁੱਝ ਸਮਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ 'ਚ ਬਤੌਰ ਰਿਸਰਚ ਅਸਿਸਟੈਂਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਵੀ ਕੁੱਝ ਸਮਾਂ ਨੌਕਰੀ ਕੀਤੀ। ਸੰਨ 1966 'ਚ ਕੈਲਫ਼ੌਰਨੀਆਂ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਵਾਪਸ ਭਾਰਤ ਆ ਕੇ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਪ੍ਰੋਫ਼ੈਸਰ ਤੇ ਜੈਨੇਟਿਕਸ ਵਿਭਾਗ ਦੇ ਮੁਖੀ ਅਤੇ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਡੀਨ, ਰਿਸਰਚ ਡਾਇਰੈਕਟਰ ਸਮੇਤ ਹੋਰਨਾਂ ਕਈ ਵਕਾਰੀ ਅਹੁਦਿਆਂ 'ਤੇ ਬਿਰਾਜਮਾਨ ਰਹੇ।
ਉਨ੍ਹਾਂ ਨੂੰ ਸੰਨ 1990 'ਚ ਯੂਨੀਵਰਸਿਟੀ ਦੇ ਉੱਪ-ਕੁਲਪਤੀ ਵਜੋਂ ਸੇਵਾ ਸ਼ੌਪੀ ਗਈ, ਜਿਸ ਨੂੰ ਉਨ੍ਹਾਂ ਨੇ ਬੜੀ ਹੀ ਸ਼ਿੱਦਤ ਅਤੇ ਮਿਹਨਤ ਨਾਲ ਨਿਭਾਇਆ। ਆਪ ਜੀ ਅਨੇਕਾਂ ਹੀ ਕੌਮਾਤਰੀ ਅਤੇ ਕੌਮੀ ਖੇਤੀ ਸੰਸਥਾਵਾਂ ਦੇ ਟ੍ਰਸਟੀ ਵੀ ਰਹੇ ਅਤੇ ਭਾਰਤੀ ਕੌਮੀ ਵਿਗਿਆਨ ਅਕੈਡਮੀ ਸਮੇਤ ਦੇਸ਼ ਦੀਆਂ ਮੋਹਰੀ ਖੇਤੀ ਸੰਸਥਾਵਾਂ ਦੇ ਫ਼ੈਲੋ ਰਹਿਣ ਤੋਂ ਇਲਾਵਾ ਅਨੇਕਾਂ ਹੀ ਦੇਸ਼ਾਂ 'ਚ ਖੇਤੀ ਖ਼ੋਜ ਨਾਲ ਸੰਬੰਧਤ ਯਾਤਰਾਵਾਂ ਵੀ ਕੀਤੀਆਂ। ਆਪ ਜੀ ਕਲਗੀਧਰ ਟ੍ਰਸਟ ਦੇ ਉੱਪ-ਪ੍ਰਧਾਨ ਤੇ ਅਕਾਲ ਅਕੈਡਮੀਆਂ ਦੇ ਚੇਅਰਮੈਨ ਵੀ ਸਨ, ਇਸ ਤਰ੍ਹਾਂ ਜਿਥੇ ਆਪ ਜੀ ਨੇ ਵਿਦਿਆ ਦੀ ਪ੍ਰਫੁੱਲਿਤਾ 'ਚ ਵਡਮੁੱਲਾ ਯੋਗਦਾਨ ਪਾਇਆ ਹੈ,
ਉਥੇ ਨਾਲ ਹੀ 20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਪਾਏ ਪੂਰਨਿਆਂ 'ਤੇ ਚਲਦਿਆਂ ਹੋਇਆਂ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ 'ਚ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਅਪਣਾ ਸਾਰਾ ਜੀਵਨ ਹੀ ਸੇਵਾ ਅਤੇ ਪਰਉਪਕਾਰ ਦੇ ਲੇਖੇ ਲਗਾ ਦਿਤਾ।
ਆਪ ਜੀ ਨੇ ਬਾਬਾ ਇਕਬਾਲ ਸਿੰਘ ਜੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਸਿੱਖ ਪੰਥ ਦੀ ਗੌਰਵਮਈ ਸੰਸਥਾ ਕਲਗੀਧਰ ਟ੍ਰਸਟ ਬੜੂ ਸਾਹਿਬ ਨੂੰ ਉਸ ਮੁਕਾਮ 'ਤੇ ਪਹੁੰਚਾ ਦਿਤਾ ਹੈ ਕਿ ਹੁਣ ਇਹ ਅਦਾਰਾ ਸੈਕੜੇ ਸਾਲਾਂ ਤਕ ਕਰੋੜਾ ਲੋਕਾਂ ਨੂੰ ਵਿਦਿਆ ਅਤੇ ਗੁਰਮਤਿ ਗਿਆਨ ਦੀ ਰੌਸ਼ਨੀ ਨਾਲ ਸਰਸ਼ਾਰ ਕਰਦਾ ਰਹੇਗਾ।ਉਨ੍ਹਾਂ ਨੇ ਸਾਰਾ ਜੀਵਨ ਇਕ ਗੁਰਮੁੱਖ ਪਿਆਰੇ ਦੇ ਰੂਪ 'ਚ ਜੀਅ ਕੇ ਸਾਨੂੰ ਸਾਰਿਆ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਵਡਮੁੱਲੀ ਪ੍ਰੇਣਨਾ ਦਿਤੀ ਹੈ।
ਡਾ. ਖੇਮ ਸਿੰਘ ਜੀ ਗਿੱਲ ਪਰਵਾਰਕ ਮੈਂਬਰਾਂ ਵਿਚ ਅਪਣੇ ਪਿੱਛੇ ਅਪਣੇ ਸਪੁੱਤਰ ਸ. ਬਲਜੀਤ ਸਿੰਘ ਜੀ, ਸ. ਰਣਜੀਤ ਸਿੰਘ ਕੁੱਕੀ, ਬੇਟੀ ਦਵਿੰਦਰ ਕੌਰ ਅਤੇ ਜਵਾਈ ਭੁਪਿੰਦਰ ਸਿੰਘ ਜੀ ਨੂੰ ਛੱਡ ਗਏ ਹਨ। ਦੇਸ਼ ਦੇ ਇਸ ਮਹਾਨ ਖੇਤੀਬਾੜੀ ਵਿਗਿਆਨੀ ਅਤੇ ਸਿੱਖ ਵਿਦਵਾਨ ਨੇ 17 ਸਤੰਬਰ 2019, ਦਿਨ ਮੰਗਲਵਾਰ ਨੂੰ ਆਖ਼ਰੀ ਸਵਾਸ ਲਏ ਅਤੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿਥੇ ਸਿੱਖ ਪੰਥ ਇਕ ਗੁਰਮੁੱਖ ਪਿਆਰੇ ਤੋਂ ਵਿਰਵਾ ਹੋ ਗਿਆ,
ਉਥੇ ਨਾਲ ਹੀ ਦੇਸ਼ ਨੇ ਵੀ ਅਪਣਾ ਮਹਾਨ ਖੇਤੀਬਾੜੀ ਵਿਗਿਆਨੀ ਸਦਾ ਲਈ ਗੁਆ ਲਿਆ ਹੈ। ਆਪ ਜੀ ਨਮਿਤ ਰੱਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 22 ਸਤੰਬਰ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬਾਅਦ ਦੁਪਹਿਰ 12 ਵਜੇ ਪਾਏ ਜਾਣਗੇ। ਉਨ੍ਹਾਂ ਦੇ ਸਮੁੱਚੇ ਪਰਵਾਰ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਆਪ ਸਭ ਸੰਗਤਾਂ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਜਾਂਦੀ ਹੈ ।