ਪਰਮਜੀਤ ਸਿੱਧਵਾਂ ਨੇ ਵਾਇਰਲ ਚਿੱਠੀ ਦੀ ਪੁਸ਼ਟੀ ਕਰਦਿਆਂ ਸੁਖਬੀਰ ਬਾਦਲ ਵੱਲ ਮੁੜ ਸਾਧਿਆ ਨਿਸ਼ਾਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੈਂ ਪਾਰਟੀ ਪ੍ਰਧਾਨ ਨੂੰ ਸਮੇਂ ਸਮੇਂ 'ਤੇ ਸਹੀ ਸਲਾਹ ਦਿਤੀ ਪਰ ਮੰਨੀ ਨਹੀਂ ਗਈ...

Paramjit Singh Sidhwan

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਵਲੋਂ ਪਾਰਟੀ 'ਚੋਂ ਅਸਤੀਫ਼ਾ ਦੇਣ ਸਬੰਧੀ ਇਕ ਚਿੱਠੀ ਵਾਇਰਲ ਹੋਈ ਸੀ। ਇਹ ਚਿੱਠੀ ਸ. ਸਿੱਧਵਾ ਨੇ ਅਸਤੀਫ਼ੇ ਦੇ ਨਾਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲ ਭੇਜੀ ਗਈ ਸੀ, ਜਿਸ 'ਚ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਉਨ੍ਹਾਂ ਕਦਮਾਂ ਅਤੇ ਕਾਰਵਾਈਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਸ਼੍ਰੋਮਣੀ ਅਕਾਲੀ ਦਲ ਹਾਲਤ ਇੰਨੀ ਪਤਲੀ ਹੋਈ। ਇਹ ਚਿੱਠੀ ਮੀਡੀਆ 'ਚ ਵਾਇਰਲ ਹੋਈ ਸੀ। ਇਸ ਸਬੰਧੀ ਪਰਮਜੀਤ ਸਿੰਘ ਸਿੱਧਵਾਂ ਦਾ ਪੱਖ ਜਾਣਨ ਲਈ ਸਪੋਕਸਮੈਨ ਦੇ ਪੱਤਰਕਰਾਰ ਤੇਜਿੰਦਰ ਫ਼ਤਿਹਪੁਰ ਵਲੋਂ ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਕੀਤਾ। ਪੇਸ਼ ਹਨ ਸਿਧਵਾਂ ਨਾਲ ਹੋਈ ਗੱਲਬਾਤ ਦੇ ਖਾਸ ਅੰਸ਼ :
ਸਵਾਲ :  ਹੁਣੇ ਹੁਣੇ ਮੀਡੀਆ 'ਚ ਇਕ ਚਿੱਠੀ ਵਾਇਰਲ ਹੋਈ ਹੈ, ਜੋ ਤੁਹਾਡੇ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਲਿਖੀ ਗਈ ਹੈ। ਕੀ ਤੁਸੀਂ ਇਸ ਚਿੱਠੀ ਦੀ ਪੁਸ਼ਟੀ ਕਰਦੇ ਹੋ?
ਜਵਾਬ :
ਹਾਂ ਜੀ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲ ਚਿੱਠੀ ਲਿਖੀ ਹੈ ਅਤੇ ਨਾਲ ਹੀ ਅਪਣਾ ਅਸਤੀਫ਼ਾ ਵੀ ਭੇਜਿਆ ਹੈ। ਉਹੀ ਚਿੱਠੀ ਮੈਂ ਪ੍ਰੈੱਸ ਵੱਲ ਭੇਜੀ ਹੈ।
ਸਵਾਲ : ਸਿਧਵਾਂ ਸਾਹਿਬ ਤੁਸੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਦੇ ਨਾਲ ਨਾਲ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਰਹੇ ਹੋ। ਤੁਹਾਡੇ ਕੋਲ ਅਹਿਮ ਜ਼ਿੰਮੇਵਾਰੀ ਸੀ। ਹੁਣ ਤੁਸੀਂ ਅਸਤੀਫ਼ਾ ਦੇ ਦਿਤਾ ਹੈ, ਤੁਸੀਂ ਇਸ ਦੇ ਕੀ ਕਾਰਨ ਸਮਝਦੇ ਹੋ?
ਜਵਾਬ :
ਮੈਂ ਜਿਹੜਾ ਅਸਤੀਫ਼ਾ ਦਿਤਾ ਹੈ, ਉਸ ਦੀ ਸਾਰੀ ਡਿਟੇਲ ਪ੍ਰਧਾਨ ਸਾਹਿਬ ਵੱਲ ਭੇਜੀ ਗਈ ਚਿੱਠੀ ਵਿਚ ਲਿਖੀ ਹੈ।

ਸਵਾਲ : ਚਿੱਠੀ ਵਿਚਲੀਆਂ ਅਹਿਮ ਗੱਲਾਂ ਬਾਰੇ ਕੁੱਝ ਚਾਨਣਾ ਪਾਓਗੇ?
ਜਵਾਬ :
ਅਹਿਮ ਗੱਲਾਂ ਤਾਂ ਇਹੀ ਸਨ ਕਿ ਜਿਨ੍ਹਾਂ ਸਿਧਾਂਤਾਂ ਕਰ ਕੇ ਪਾਰਟੀ 100 ਸਾਲ ਪਹਿਲਾਂ ਬਣੀ ਅਤੇ ਉਨ੍ਹਾਂ 'ਤੇ ਪਹਿਰਾ ਦਿੰਦੀ ਰਹੀ। ਹੋਲੀ ਹੋਲੀ ਉਨ੍ਹਾਂ ਸਾਰੇ ਮਸਲਿਆਂ ਤੇ ਸਿਧਾਂਤਾਂ ਤੋਂ ਪਿੱਛੇ ਹਟਦੀ ਹਟਦੀ, ਅੱਜ ਪਾਰਟੀ ਉਨ੍ਹਾਂ ਤੋਂ ਪੂਰੀ ਤਰ੍ਹਾਂ ਦੂਰ ਹੋ ਗਈ ਹੈ। ਮੈਂ ਐਮਰਜੰਸੀ ਤੋਂ ਲੈ ਕੇ ਤਕਰੀਬਨ 40 ਸਾਲ ਤੋਂ ਅਕਾਲੀ ਦਲ 'ਚ ਹਾਂ, ਭਾਵੇਂ ਵਿਚੋਂ ਥੋੜ੍ਹਾ ਸਮਾਂ ਮੈਂ ਸ. ਰਾਮੂਵਾਲੀਆ ਸਾਹਿਬ ਦੀ ਪਾਰਟੀ 'ਚ ਚਲਾ ਗਿਆ ਸੀ ਪਰ ਸੁਖਬੀਰ ਸਿੰਘ ਬਾਦਲ ਮੈਨੂੰ 2004 'ਚ ਮੁੜ ਪਾਰਟੀ 'ਚ ਲੈ ਆਏ ਸਨ। ਮੈਂ ਪਾਰਟੀ 'ਚ ਲੰਮਾਂ ਸਮਾਂ ਸੇਵਾ ਕੀਤੀ ਹੈ ਅਤੇ ਵੇਖਦਾ ਰਿਹਾ ਹਾਂ ਕਿ ਪਾਰਟੀ ਅਪਣੇ ਮੁਢਲੇ ਸਿਧਾਂਤਾਂ ਤੋਂ ਹੋਲੀ ਹੋਲੀ ਪਿੱਛੇ ਹੱਟ ਰਹੀ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਪਾਰਟੀ ਸਭ ਤੋਂ ਅਹਿਮ ਧਾਰਮਕ ਮਸਲੇ ਤੋਂ ਵੀ ਪਿੱਛੇ ਹਟ ਗਈ। ਇਸ ਤੋਂ ਬਾਅਦ ਪਿੱਛੇ ਰਹਿ ਕੀ ਜਾਂਦਾ ਹੈ। ਮੈਂ ਹਮੇਸ਼ਾ ਸੇਵਾ ਨੂੰ ਸਮਰਪਿਤ ਅਤੇ ਸ਼ੌਕ ਦੀ ਰਾਜਨੀਤੀ ਕੀਤੀ ਹੈ। ਇਹ ਮੇਰੀ ਮਜ਼ਬੂਰੀ ਕਦੇ ਵੀ ਨਹੀਂ ਰਹੀ।
ਸਵਾਲ : ਤੁਸੀਂ ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਰਹੇ ਹੋ। ਜੇਕਰ ਤੁਹਾਨੂੰ ਲੱਗ ਰਿਹਾ ਸੀ ਕਿ ਉਹ ਕੁੱਝ ਗ਼ਲਤ ਕਰ ਰਹੇ ਹਨ ਜਾਂ ਉਹ ਅਪਣੇ ਰਸਤੇ ਤੋਂ ਭਟਕ ਰਹੇ ਹਨ, ਤੁਸੀਂ ਸਿਆਸੀ ਸਲਾਹਕਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਅਪਣੀ ਸਲਾਹ ਕਿਉਂ ਨਹੀਂ ਦਿਤੀ?
ਜਵਾਬ
: ਸਿਆਸੀ ਸਕੱਤਰ ਅਤੇ ਉਸ ਸ਼ਖਸੀਅਤ ਵਿਚਾਲੇ ਸਾਰੀਆਂ ਗੱਲਾਂ ਸਾਝੀਆਂ ਹੁੰਦੀਆਂ ਹਨ ਜਿਸ ਦਾ ਉਹ ਸਿਆਸੀ ਸਕੱਤਰ ਹੁੰਦਾ ਹੈ। ਮੈਂ ਸਮੇਂ ਸਮੇਂ 'ਤੇ ਕਹਿੰਦਾ ਰਿਹਾ ਹਾਂ, ਕਿ ਅਪਣਾ ਇਹ ਫ਼ੈਸਲਾ ਗ਼ਲਤ ਹੈ, ਇਹ ਸਹੀ ਨਹੀਂ ਹੈ, ਇਸ ਦਾ ਜ਼ਿਕਰ ਮੈਂ ਚਿੱਠੀ 'ਚ ਵੀ ਕੀਤਾ ਹੈ। ਮੇਰੀ ਭਾਵੇਂ ਸਲਾਹ ਮੰਨੀ ਨਹੀਂ ਗਈ ਪਰ ਮੈਂ ਅਪਣਾ ਫਰਜ਼ ਨਿਭਾਉਂਦਿਆਂ ਉਨ੍ਹਾਂ ਨੂੰ ਹਮੇਸ਼ਾ ਸਹੀ ਸਲਾਹ ਦਿੰਦਾ ਰਿਹਾ ਹਾਂ।
ਸਵਾਲ : ਹੁਣ ਤੁਸੀਂ ਕੀ ਸਮਝਦੇ ਹੋ ਕਿ ਕੀ ਉਹ ਕਿਸਾਨਾਂ ਦੇ ਸਭ ਤੋਂ ਵੱਡੇ ਮਸਲੇ 'ਚ ਕਿਸਾਨਾਂ ਦੇ ਨਾਲ ਨਹੀਂ ਖੜ੍ਹੇ ਹਨ?
ਜਵਾਬ :
ਜਿਹੜੀ ਚਿੱਠੀ ਮੈਂ ਪ੍ਰਧਾਨ ਸਾਹਿਬ ਵੱਲ ਲਿਖੀ ਹੈ, ਉਹ ਜੇਕਰ ਤੁਸੀਂ ਪੜ੍ਹੀ ਹੋਵੇ ਤਾਂ ਉਸ ਵਿਚ ਜ਼ਿਕਰ ਕੀਤਾ ਹੈ, ਮੈਂ ਸ਼ਬਦ ਵਰਤਿਆ ਹੈ ਕਿ 'ਹੁਣ ਤਾਂ ਹੱਦ ਹੀ ਹੋ ਗਈ' ਪਹਿਲਾਂ ਤੁਸੀਂ ਕਹੀ ਗਏ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ 'ਚ ਹੈ। ਤੁਸੀਂ ਸੋਸ਼ਲ ਮੀਡੀਆ ਸਮੇਤ ਹਰ ਫ਼ਰੰਟ 'ਤੇ ਇਸ ਦਾ ਪ੍ਰਚਾਰ ਕੀਤਾ, ਇਥੋਂ ਤਕ ਕਿ ਖੇਤੀ ਮੰਤਰੀ ਨੂੰ ਚੰਡੀਗੜ੍ਹ ਬੁਲਾ ਕੇ ਪ੍ਰੈੱਸ ਕਾਨਫ਼ਰੰਸ ਵੀ ਕੀਤੀ। ਫਿਰ ਵੱਡੇ ਬਾਦਲ ਸਾਹਿਬ ਤੋਂ ਬਿਆਨ ਵੀ ਦਿਵਾਇਆ ਕਿ ਖੇਤੀ ਆਰਡੀਨੈਂਸ ਕਿਸਾਨਾਂ ਲਈ ਠੀਕ ਹੈ। ਹੁਣ ਇਕਦਮ ਯੂ-ਟਰਨ ਲੈ ਕੇ ਕਹਿਣ ਲੱਗ ਪਏ ਕਿ ਇਹ ਕਿਸਾਨੀ ਲਈ ਠੀਕ ਨਹੀਂ ਹਨ। ਹੁਣ ਕਹਿੰਦੇ ਹਨ ਕਿ ਸਾਨੂੰ ਪੁਛਿਆ ਹੀ ਨਹੀਂ ਗਿਆ, ਜੇਕਰ ਨਹੀਂ ਸੀ ਪੁਛਿਆ ਤਾਂ ਪਹਿਲੇ ਦਿਨ ਕਿਉਂ ਨਹੀਂ ਬੋਲੇ।

ਸਵਾਲ : ਹੁਣ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿਤਾ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ, ਅਕਾਲੀ ਦਲ ਨੇ ਹੁਣ ਕਿਸਾਨਾਂ ਦੇ ਹੱਕ 'ਚ ਖੜ੍ਹਦਿਆਂ ਨਾਅਰਾ ਦਿਤਾ ਹੈ ਕਿ ਇਕੋ ਨਾਅਰਾ ਕਿਸਾਨ ਪਿਆਰਾ?
ਜਵਾਬ
: ਸਕੂਲ ਪੜ੍ਹਦੇ ਸਮੇਂ ਅਧਿਆਪਕ ਕਹਿੰਦੇ ਹੁੰਦੇ ਸਨ ਕਿ ਇਹ ਪੰਗਤੀ ਦਿੰਦੇ ਹਾਂ ਇਸ ਦੀ ਅੰਗਰੇਜ਼ੀ ਬਣਾਉ, ਫਿਕਰਾ ਹੁੰਦਾ ਸੀ ਕਿ ''ਜਦੋਂ ਮੈਂ ਸਟੇਸ਼ਟ 'ਤੇ ਗਿਆ, ਗੱਡੀ ਚੱਲ ਚੁੱਕੀ ਸੀ।'' ਇਹ ਸਾਰਾ ਕੁੱਝ ਹੁਣ ਜਦੋਂ ਗੱਡੀ ਸਟੇਸ਼ਨ ਤੋਂ ਲੰਘ ਚੁੱਕੀ ਹੈ, ਹੁਣ ਇਹ ਸਭ ਬਾਅਦ ਦੀਆਂ ਗੱਲਾਂ ਹਨ।
ਸਵਾਲ : ਤੁਹਾਡਾ ਕਹਿਣ ਦਾ ਮਤਲਬ ਕਿ ਕਿਸਾਨਾਂ ਦੀ ਉਸ ਵੇਲੇ ਬਾਂਹ ਫੜਨੀ ਚਾਹੀਦੀ ਸੀ ਜਦੋਂ ਲੋੜ ਸੀ?
ਜਵਾਬ :
ਅੱਜ ਕਹਿ ਰਹੇ ਨੇ, ਅਸੀਂ ਕੁਰਬਾਨੀ ਕੀਤੀ ਹੈ। ਮੈਨੂੰ ਕੁੱਝ ਉਨ੍ਹਾਂ ਸੱਜਣਾਂ 'ਤੇ ਅਫ਼ਸੋਸ ਹੁੰਦਾ ਹੈ ਜੋ ਦਿੱਲੀ ਜਾ ਦੇ ਪ੍ਰਧਾਨ ਸਾਹਿਬ ਅਤੇ ਬੀਬਾ ਹਰਸਿਮਰਤ ਕੌਰ ਦਾ ਸਨਮਾਨ ਕਰ ਰਹੇ ਹਨ। ਕੀ ਜਮਰੌਦ ਦੀ ਕਿਲਾ ਜਿੱਤ ਕੇ ਆਏ ਹੋ, ਜੋ ਸਨਮਾਨ ਕਰਵਾ ਰਹੇ ਹੋ। ਸਾਰੀਆਂ ਬਾਜ਼ੀਆਂ ਹਾਰ ਕੇ, ਨਾ ਤੁਹਾਡਾ ਕੋਲ ਧਰਮ ਰਿਹਾ, ਨਾ ਪੰਜਾਬ ਰਿਹਾ, ਹੁਣ ਥੋੜ੍ਹੇ ਦਿਨਾਂ ਨੂੰ ਪਾਣੀ ਦਾ ਮਸਲਾ ਵੀ ਸਾਡੇ ਖਿਲਾਫ਼ ਜਾਣ ਵਾਲਾ ਹੈ, ਫਿਰ ਸਨਮਾਨ ਕਿਸ ਗੱਲ ਦਾ ਹੋ ਰਿਹੈ।
ਸਵਾਲ : ਸਿਧਵਾਂ ਸਾਹਿਬ ਤੁਸੀਂ ਇਹ ਗੱਲ ਮੰਨਦੇ ਹੋ ਕਿ ਬਾਦਲ ਪਰਵਾਰ 'ਤੇ ਐਸਜੀਪੀਸੀ 'ਚ ਦਖ਼ਲ ਅੰਦਾਜ਼ੀ ਦਾ ਦੋਸ਼ ਲੱਗਦਾ ਰਿਹਾ ਹੈ,, ਤੁਸੀਂ ਉਨ੍ਹਾਂ ਦੇ ਸਿਆਸੀ ਸਕੱਤਰ ਰਹੇ ਹੋ, ਕੀ ਵਾਕਈ ਹੀ ਪਾਰਟੀ ਪ੍ਰਧਾਨ ਦੀ ਸ਼੍ਰੋਮਣੀ ਕਮੇਟੀ ਦੇ ਮਸਲਿਆਂ 'ਚ ਦਖ਼ਲ ਅੰਦਾਜ਼ੀ ਹੈ?
ਜਵਾਬ :
ਮੇਰੀ ਰਾਜਨੀਤੀ ਹਮੇਸ਼ਾ ਸਾਫ਼ ਸੁਥਰੀ ਤੇ ਸਪੱਸ਼ਟ ਰਹੀ ਹੈ। ਮੈਂ ਕਦੇ ਕਿਸੇ ਸ਼ਖ਼ਸੀਅਤ 'ਤੇ ਵਿਅਕਤੀਗਤ ਤੌਰ 'ਤੇ ਕੁਮੈਂਟ ਨਹੀਂ ਕੀਤਾ। ਪਰ ਜਿਹੜਾ ਸਵਾਲ ਤੁਸੀਂ ਕੀਤਾ ਹੈ, ਇਹ ਸਾਰਾ ਜੱਗ ਜਾਣਦਾ ਹੈ। ਮੈਂ ਕਿਸੇ 'ਤੇ ਤੋਹਮਤ ਨਹੀਂ ਲਾਉਣਾ ਚਾਹੁੰਦਾ ਪਰ ਇਨ੍ਹਾਂ ਗੱਲਾਂ ਦਾ ਜਵਾਬ ਇਤਿਹਾਸ ਦੇਵੇਗਾ। ਮੈਂ ਅਪਣੇ ਮੂੰਹੋਂ ਕੁੱਝ ਨਹੀਂ ਕਹਿਣਾ ਚਾਹੁੰਦਾ।

ਸਵਾਲ: ਸਿਧਵਾਂ ਸਾਹਿਬ ਕੀ ਤੁਸੀਂ ਕਿਸੇ ਹੋਰ ਸਿਆਸੀ ਪਾਰਟੀ ਨੂੰ ਜੁਆਇਨ ਕਰ ਰਹੇ ਹੋ?
ਜਵਾਬ :
ਮੈਨੂੰ ਜੋ ਹਾਲਾਤ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੇਖ ਰਿਹਾ ਹਾਂ, ਉਨ੍ਹਾਂ 'ਚ ਸਿਵਾਏ ਕਿਸਾਨ ਯੂਨੀਅਨਾਂ ਦੇ ਜੋ ਚੋਣਾਂ ਨਹੀਂ ਲੜਦੀਆਂ, ਕੋਈ ਵੀ ਹੱਕ ਸੱਚ ਦੀ ਗੱਲ ਨਹੀਂ ਕਰ ਰਿਹਾ, ਸਿਆਸੀ ਪਾਰਟੀਆਂ ਕੇਵਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖ ਕੇ ਰਾਜਨੀਤੀ ਕਰ ਰਹੀਆਂ ਹਨ। ਜੇਕਰ ਇਹ ਪੰਜਾਬ ਅਤੇ ਕਿਸਾਨੀ ਲਈ ਵਾਕਈ ਗੰਭੀਰ ਹੁੰਦੇ ਤਾਂ ਇਕੱਠੇ ਹੋ ਕੇ ਕਿਉਂ ਨਹੀਂ ਤੁਰਦੇ। ਕੋਈ ਪਧਾਨ ਮੰਤਰੀ ਨੂੰ ਮਿਲਣ ਨਹਂੀ ਗਿਆ, ਇਕੱਠੇ ਹੋ ਕੇ ਧਰਨੇ ਮੁਜ਼ਾਹਰੇ ਨਹੀਂ ਕੀਤੇ, ਇਹ ਸਿਰਫ਼ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਰਾਜਨੀਤੀ ਕਰ ਰਹੇ ਹਨ, ਜਿਸ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਜਾ ਸਕਦਾ। ਹੁਣ ਮੀਡੀਆ ਅਤੇ ਸ਼ੋਸਲ ਮੀਡੀਆ ਬਹੁਤ ਸ਼ਕਤੀਸ਼ਾਲੀ ਹੋ ਗਿਆ ਹੈ। ਪਹਿਲਾਂ ਇਹ ਵੀ ਪਤਾ ਨਹੀਂ ਸੀ ਲਗਦਾ ਕਿ ਪਾਰਲੀਮੈਂਟ 'ਚ ਕਿਹੜਾ ਸੁੱਤਾ ਪਿਐ, ਕਿਹੜਾ ਕੀ ਬੋਲਦੈ, ਪਰ ਹੁਣ ਤਾਂ ਮਿੰਟਾਂ, ਸਕਿੰਟਾਂ 'ਚ ਹੀ ਦੇਸ਼ ਦੁਨੀਆਂ ਦੀ ਖ਼ਬਰ ਹਰ ਥਾਂ ਪਹੁੰਚ ਜਾਂਦੀ ਹੈ। ਹੁਣ ਇਹ ਗੱਲਾਂ ਨਹੀਂ ਚੱਲ ਸਕਦੀਆਂ।
ਸਵਾਲ : ਕੀ ਤੁਸੀਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ 'ਚ ਸ਼ਾਮਲ ਹੋਵੇਗੇ?
ਜਵਾਬ :  
ਹਾਂ, ਮੇਰੀ ਕਿਸਾਨਾਂ ਨੂੰ ਪੂਰਨ ਹਮਾਇਤ ਹੈ ਅਤੇ ਸਦਾ ਰਹੀ ਹੈ।