ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਅੜਚਨ ਤੋਂ ਸਕੂਲਾਂ ਵਿਚ ਦਾਖਲਾ ਦੇਣ ਦੇ ਜਾਰੀ ਕੀਤੇ ਨਿਰਦੇਸ਼

Enrollment of Single Parent Children in Schools

 

ਚੰਡੀਗੜ: ਇਕਹਿਰੇ ਮਾਪਿਆਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਉਨਾਂ ਦੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਅੜਚਨ ਤੋਂ ਸਕੂਲਾਂ ਵਿਚ ਦਾਖਲਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਵੇਲੇ ਦਾਖਲਾ ਫਾਰਮ ’ਤੇ ਬੱਚੇ ਦੇ ਮਾਂ-ਪਿਓ ਦੋਵਾਂ ਦਾ ਨਾਂ ਦਰਜ ਕਰਨ ਦੀ ਵਿਵਸਥਾ ਹੈ। ਇਸ ਕਰਕੇ ਇਕਹਿਰੇ ਰਹਿ ਰਹੇ ਮਾਪਿਆਂ ਨੂੰ ਆਪਣੇ ਬੱਚੇ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਦਿੱਕਤ ਪੇਸ਼ ਆ ਰਹੀ ਹੈ। 

ਇਸ ਨੂੰ ਧਿਆਨ ਵਿਚ ਰੱਖਦੇ ਹੋਏ ਡਾਇਰੈਕਟਰ ਸਕੂਲ ਸਿੱਖਿਆ (ਸੀਨੀਅਰ ਸੈਕੰਡਰੀ) ਨੇ ਜ਼ਿਲਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਇਨਾਂ ਨਿਰਦੇਸ਼ਾਂ ਵਿਚ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਏਡਿਡ ਅਤੇ ਅਣਏਡਿਡ ਸਕੂਲਾਂ ਨੂੰ ਕਿਸੇ ਵੀ ਕਾਰਨ ਕਰਕੇ ਇਕੱਲੇ ਰਹਿ ਰਹੇ ਮਾਂ-ਪਿਓ ਦੇ ਬੱਚੇ ਨੂੰ ਸਕੂਲ ’ਚ ਦਾਖਲਾ ਦੇਣ ਤੋਂ ਇਨਕਾਰ ਨਾ ਕਰਨ ਲਈ ਕਿਹਾ ਗਿਆ ਹੈ।