ਅਮਰੀਕਾ ਦੌਰੇ ’ਤੇ ਜਾਣਗੇ ਮੋਦੀ, ਰਾਸ਼ਟਰਪਤੀ ਬਾਇਡਨ ਨਾਲ ਹੋਵੇਗੀ ਪਹਿਲੀ ਵਾਰ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ਦੌਰੇ ’ਤੇ ਜਾਣਗੇ ਮੋਦੀ, ਰਾਸ਼ਟਰਪਤੀ ਬਾਇਡਨ ਨਾਲ ਹੋਵੇਗੀ ਪਹਿਲੀ ਵਾਰ ਮੁਲਾਕਾਤ

image

ਵਾਸ਼ਿੰਗਟਨ, 21 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸ਼ੁਕਰਵਾਰ ਨੂੰ ਪਹਿਲੀ ਵਾਰ ਮੁਲਾਕਾਤ ਹੋਣ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਾਇਡਨ ਤੇ ਮੋਦੀ ਦੀ ਪਹਿਲੀ ਦੁਵੱਲੀ ਬੈਠਕ ਨਾਲ ਅਮਰੀਕਾ ਤੇ ਭਾਰਤ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਦੋਵੇਂ ਨੇਤਾ ਅਫ਼ਗ਼ਾਨਿਸਤਾਨ ਦੇ ਹਾਲਾਤ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕਰ ਸਕਦੇ ਹਨ। ਉਹ ਇਸ ’ਤੇ ਵੀ ਚਰਚਾ ਕਰ ਸਕਦੇ ਹਨ ਕਿ ਦੋਵੇਂ ਦੇਸ਼ ਕਿਸ ਤਰ੍ਹਾਂ ਮਿਲ ਕੇ ਅਤਿਵਾਦ ਨਾਲ ਮੁਕਾਬਲਾ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ’ਚ ਸ਼ੁਕਰਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕਰਨਗੇ। ਫਿਰ ਇਸ ਤੋਂ ਬਾਅਦ ਇਸੇ ਦਿਨ ਕਵਾਡ ਦੇਸ਼ਾਂ ਦੇ ਪਹਿਲੇ ਸਿਖਰ ਸੰਮੇਲਨ ਦੀ ਵੀ ਮੇਜ਼ਬਾਨੀ ਕਰਨਗੇ। ਇਸ ’ਚ ਪੀਐਮ ਮੋਦੀ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੀ ਹਿੱਸਾ ਲੈਣਗੇ। ਬੀਤੇ ਜਨਵਰੀ ਮਹੀਨੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਇਡਨ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਕਈ ਵਾਰ ਫੋਨ ’ਤੇ ਗੱਲਬਾਤ ਹੋ ਚੁੱਕੀ ਹੈ। ਦੋਵਾਂ ਨੇਤਾਵਾਂ ਦੀ ਇਸ ਤਰ੍ਹਾਂ ਦੀ ਆਖ਼ਰੀ ਗੱਲਬਾਤ ਬੀਤੀ 26 ਅਪ੍ਰੈਲ ਨੂੰ ਹੋਈ ਸੀ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ‘ਬੈਠਕ ਦੌਰਾਨ ਦੋਵੇਂ ਨੇਤਾ ਅਪਣੇ ਲੋਕਾਂ ਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਵਿਚਾਲੇ ਉਨ੍ਹਾਂ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਦੇਣਗੇ, ਜਿਸ ਨੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤੀ ਦਿਤੀ ਹੈ।’    (ਏਜੰਸੀ)