ਹੁਣ ਅਕਾਲੀ ਦਲ ਬਾਦਲ ਦੇ ਆਗੂ ਕਿਸਾਨ ਮੋਰਚੇ ਨੂੰ  ਬਦਨਾਮ ਕਰਨ ਲੱਗੇ : ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਅਕਾਲੀ ਦਲ ਬਾਦਲ ਦੇ ਆਗੂ ਕਿਸਾਨ ਮੋਰਚੇ ਨੂੰ  ਬਦਨਾਮ ਕਰਨ ਲੱਗੇ : ਰਾਜੇਵਾਲ

image


ਅਕਾਲੀਆਂ ਨਾਲ ਉਲਝਣ ਵਾਲੇ ਲੋਕਾਂ ਦੀ ਪਛਾਣ ਕਰ ਕੇ ਅਸੀ ਉਨ੍ਹਾਂ ਨੂੰ  ਮੋਰਚਾ ਛੱਡਣ ਲਈ ਕਿਹਾ ਅਤੇ ਕਈ ਏਜੰਸੀਆਂ ਦੇ ਬੰਦੇ ਮੋਰਚੇ 'ਚ ਵੜ ਕੇ ਗੜਬੜ ਕਰਵਾਉਣ ਦੇ ਯਤਨ ਵੀ ਕਰਦੇ ਹਨ

ਚੰਡੀਗੜ੍ਹ, 21 ਸਤੰਬਰ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਸ਼ੋ੍ਰਮਣੀ ਅਕਾਲੀ ਦਲ ਵਲੋਂ ਉਨ੍ਹਾਂ ਦੇ ਦਿੱਲੀ ਮਾਰਚ ਵਿਚ ਜਾਣ ਸਮੇਂ ਰਸਤੇ ਵਿਚ ਰੋਕ ਕੇ ਕਿਸਾਨਾਂ ਵਲੋਂ ਅਕਾਲੀ ਵਰਕਰਾਂ ਨਾਲ ਬਦਸਲੂਕੀ ਕਰਨ ਤੇ ਹਮਲੇ ਕਰਨ ਦੇ ਲਾਏ ਦੋਸ਼ਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਹੁਣ ਸ਼ੋ੍ਰਮਣੀ ਅਕਾਲੀ ਦਲ ਨੇ ਕਿਸਾਨ ਮੋਰਚੇ ਨੂੰ  ਬਦਨਾਮ ਕਰਨਾ ਸ਼ੁਰੂ ਕਰ ਦਿਤਾ ਹੈ |
ਅੱਜ ਇਥੇ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਉਨ੍ਹਾਂ ਅਕਾਲੀ ਦਲ ਵਲੋਂ ਲਾਏ ਦੋਸ਼ਾਂ ਬਾਰੇ ਅਪਣਾ ਪੱਖ ਰਖਦਿਆਂ ਕਿਹਾ ਕਿ ਮੋਰਚੇ ਵਿਚ ਕੁੱਝ ਲੋਕ ਏਜੰਸੀਆਂ ਦੇ ਵੀ ਘੁਸਪੈਠ ਕਰ ਜਾਂਦੇ ਹਨ ਤੇ ਕੁੱਝ ਹੋਰ ਲੋਕ ਵੀ ਮੋਰਚੇ ਨੂੰ  ਖ਼ਰਾਬ ਕਰਨ ਲਈ ਆਉਂਦੇ ਹਨ ਪਰ ਅਸੀ ਅਕਾਲੀ ਵਰਕਰਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਉਣ ਬਾਅਦ ਅਜਿਹੇ ਲੋਕਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ  ਝਾੜ ਲਗਾਉਂਦਿਆਂ ਮੋਰਚਾ ਛੱਡ ਜਾਣ ਲਈ ਕਿਹਾ ਸੀ | ਫ਼ੋਨ ਉਪਰ ਕੁੱਝ ਅਕਾਲੀ ਆਗੂਆਂ ਨਾਲ ਵੀ ਗੱਲ ਹੋਈ ਤੇ ਉਹ ਕਾਰਵਾਈ ਤੋਂ ਸੰਤੁਸ਼ਟ ਸਨ ਪਰ ਅਕਾਲੀ ਦਲ ਦੇ ਆਗੂਆਂ ਨੇ ਬੀਤੇ ਦਿਨੀਂ ਪ੍ਰੈਸ ਕਾਨਫ਼ਰੰਸ 
ਕਰ ਕੇ ਕੁੱਝ ਵਾਇਰਲ ਵੀਡੀਉਜ਼ ਦੇ ਹਵਾਲੇ ਨਾਲ ਮੋਰਚੇ ਉਪਰ ਦੋਸ਼ ਲਾਏ | ਰਾਜੇਵਾਲ ਨੇ ਕਿਹਾ ਕਿ ਦਿੱਲੀ ਮਾਰਚ ਵਿਚ ਗਏ ਕਈ ਅਕਾਲੀਆਂ ਦੀਆਂ ਸ਼ਰਾਬ ਦੀਆਂ ਬੋਤਲਾਂ ਨਾਲ ਕਈ ਵੀਡੀਉਜ਼ ਸਾਡੇ ਕੋਲ ਵੀ ਹਨ ਪਰ ਅਸੀ ਇਹ ਵਾਇਰਲ ਨਹੀਂ ਕੀਤੀਆਂ ਪਰ ਜੇ ਅਕਾਲੀ ਆਗੂ ਸਾਨੂੰ ਹੋਰ ਛੇੜਣਗੇ ਤਾਂ ਅਸੀ ਵੀ ਜਵਾਬ ਦੇ ਸਕਦੇ ਹਾਂ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਮੋਰਚੇ ਪ੍ਰਤੀ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਦਿੱਲੀ ਮਾਰਚ ਵਿਚ ਨਾ ਤਾਂ ਕੋਈ ਕਿਸਾਨੀ ਝੰਡਾ ਦਿਖਿਆ ਤੇ ਨਾ ਹੀ ਕਿਸਾਨੀ ਮੋਰਚੇ ਦੇ ਹੱਕ ਵਿਚ ਨਾਹਰੇਬਾਜ਼ੀ ਹੋਈ ਅਤੇ ਸਿਰਫ਼ ਸੁਖਬੀਰ ਬਾਦਲ ਤੇ ਅਕਾਲੀ ਦਲ ਜ਼ਿੰਦਾਬਾਦ ਦੇ ਹੀ ਨਾਹਰੇ ਲਗਦੇ ਰਹੇ |
ਉਨ੍ਹਾਂ ਕਿਹਾ ਕਿ ਅਸੀ ਕਿਸੇ ਸਿਆਸੀ ਪਾਰਟੀ ਦੇ ਨੇੜੇ ਜਾਂ ਵਿਰੁਧ ਨਹੀਂ ਪਰ ਅਕਾਲੀ ਦਲ ਤੋਂ ਲੋਕ ਘੇਰ ਕੇ ਕਈ ਸਵਾਲਾਂ ਦੇ ਜਵਾਬ ਮੰਗਦੇ ਹਨ ਜਿਨ੍ਹਾਂ ਦੇ ਉਤਰ ਨਹੀਂ ਮਿਲਦੇ | ਬੇਅਦਬੀਆਂ ਦੇ ਮਾਮਲਿਆਂ ਅਤੇ ਹਰਸਿਮਰਤ ਬਾਦਲ ਦੀ ਮੌਜੂਦਗੀ ਵਿਚ ਕੇਂਦਰੀ ਕੈਬਨਿਟ ਵਿਚ ਖੇਤੀ ਬਿਲਾਂ ਬਾਰੇ ਫ਼ੈਸਲਾ ਹੋਣ ਦੇ ਸਵਾਲਾਂ ਦਾ ਲੋਕਾਂ ਨੂੰ  ਕੋਈ ਜਵਾਬ ਨਹੀਂ ਮਿਲਦਾ ਜਿਸ ਕਰ ਕੇ ਉਹ ਵਿਰੋਧ ਕਰਦੇ ਹਨ |

ਡੱਬੀ

ਚੰਨੀ ਵੀ ਸਾਡੇ ਲਈ ਹੋਰ ਸਿਆਸੀ ਆਗੂ ਵਰਗਾ
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਬਾਅਦ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦਿਤੇ ਬਿਆਨ ਅਤੇ ਕਿਸਾਨ ਮੋਰਚੇ ਵਿਚ ਜਾ ਕੇ ਨਤਮਸਤਕ ਹੋਣ ਬਾਰੇ ਕੀਤੇ ਐਲਾਨ ਸਬੰਧੀ ਰਾਜੇਵਾਲ ਨੇ ਕਿਹਾ ਕਿ ਚੰਨੀ ਵੀ ਸਾਡੇ ਲਈ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਹੀ ਹੈ | ਸਾਡੇ ਮੋਰਚੇ ਵਿਚ ਸਿਆਸੀ ਆਗੂਆਂ ਨੂੰ  ਮੰਚ ਉਪਰ ਕੋਈ ਥਾਂ ਨਹੀਂ ਪਰ ਜੇ ਉਹ ਮੋਰਚੇ ਵਿਚ ਆ ਕੇ ਸਮਰਥਨ ਦੇਣਾ ਚਾਹੇ ਤਾਂ ਕੋਈ ਮਨਾਹੀ ਨਹੀਂ | ਉਹ ਆਮ ਕਿਸਾਨਾਂ ਵਾਂਗ ਆ ਕੇ ਕਿਸਾਨਾਂ ਵਿਚ ਬੈਠ ਸਕਦੇ ਹਨ |