ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨੀ ਸੰਘਰਸ਼ ਸੰਕਟ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨੀ ਸੰਘਰਸ਼ ਸੰਕਟ ਵਿਚ

image

ਮੁੱਖ ਮਦਦਗਾਰ 'ਤੇ ਰਾਜੇਵਾਲ ਨੇ ਸਵਾਲ ਕੀਤੇ ਖੜੇ 

ਚੰਡੀਗੜ੍ਹ, 21 ਸਤੰਬਰ (ਜੀ.ਸੀ.ਭਾਰਦਵਾਜ): ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਐਮ.ਪੀ. ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਬਤੌਰ ਕਾਲਾ ਦਿਵਸ 17 ਸਤੰਬਰ ਨੂੰ  ਗੁਰਦਵਾਰਾ ਰਕਾਬਗੰਜ ਤੋਂ ਸੰਸਦ ਭਵਨ ਤਕ ਕੱਢੇ ਸ਼ਾਂਤਮਈ ਮਾਰਚ ਵਿਚ ਸ਼ਾਮਲ ਹੋਣ ਮੌਕੇ ਦਿੱਲੀ ਦੇ ਰਸਤੇ ਵਿਚ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਰਾਤ ਨੂੰ  ਕਿਸਾਨਾਂ ਦੇ ਕੈਂਪਾਂ ਵਿਚ ਰਹਿੰਦੇ ਕੁੱਝ ਗੁੰਡਾ ਅਨਸਰਾਂ ਵਲੋਂ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਅਤੇ ਟਕਸਾਲੀ ਨੇਤਾਵਾਂ ਦੀ ਕੀਤੀ ਲੁੱਟ ਖਸੁੱਟ ਤੇ ਬੇਇੱਜ਼ਤੀ ਦੀਆਂ ਗੰਭੀਰ ਘਟਨਾਵਾਂ ਨੇ ਸੰਯੁਕਤ ਕਿਸਾਨ ਮੋਰਚੇ ਤੇ ਸਿਆਸੀ ਦਲ ਵਿਚ ਟਕਰਾਅ ਨੂੰ  ਹੋਰ ਗੰਭੀਰ ਤੇ ਡੂੰਘਾ ਕਰ ਦਿਤਾ ਹੈ |
ਦੋਹਾਂ ਧਿਰਾਂ ਵਿਚ ਮਿਹਣੇ ਤਾਹਨੇ ਇਕ ਦੂਜੇ 'ਤੇ ਦੂਸ਼ਣਬਾਜ਼ੀ ਕਰਨ ਅਤੇ ਕਿਸਾਨੀ ਸੰਘਰਸ਼ ਵਿਚ ਪਾਰਟੀ ਪਾਲਿਟਿਕਸ ਦੀ ਦਖ਼ਲਅੰਦਾਜ਼ੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਤੋਹਮਤਾਂ ਨੇ ਘਰ ਕਰ ਲਿਆ ਹੈ | ਬੀਤੇ ਕਲ੍ਹ ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਕਿਸਾਨ ਕੈਂਪਾਂ ਵਿਚੋਂ ਕੁੱਝ ਗੁੰਡਾ ਤੇ ਸ਼ਰਾਰਤੀ ਕਿਸਾਨਾਂ ਵਲੋਂ ਟਕਸਾਲੀ ਅਕਾਲੀ ਨੇਤਾਵਾਂ ਤੇ ਬੀਬੀਆਂ ਦੀ ਕੀਤੀ ਬੇਇੱਜ਼ਤੀ, ਕੇਸਾਂ ਤੇ ਦਸਤਾਰਾਂ, ਦਾੜ੍ਹੀਆਂ ਤੇ ਹੋਰ ਕਕਾਰਾਂ ਦੀ ਕੀਤੀ ਬੇਅਦਬੀ ਤੇ ਗੱਡੀਆਂ ਦੀ ਭੰਨਤੋੜ, ਗਾਲੀ ਗਲੋਚ ਦੀਆਂ ਵੀਡੀਉ ਨਸ਼ਰ ਕੀਤੀਆਂ ਗਈਆਂ | ਮੰਗ ਕੀਤੀ ਕਿ ਕਿਸਾਨ ਜਥੇਬੰਦੀਆਂ ਇਨ੍ਹਾਂ ਵਿਰੁਧ ਐਕਸ਼ਨ ਲੈਣ | 
ਪਰ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ. ਬਲਬੀਰ ਸਿੰਘ ਰਾਜੇਵਾਲ ਨੇ ਨਾ ਸਿਰਫ਼ ਸ਼ੰਕੇ ਖੜੇ ਕੀਤੇ ਬਲਕਿ ਸ਼ਰਾਰਤੀ ਅਨਸਰਾਂ ਨੂੰ  ਪਛਾਨਣ ਤੋਂ ਟਾਲਾ ਵੱਟਿਆ ਤੇ ਮੀਡੀਆ ਸਾਹਮਣੇ ਸ਼ੋ੍ਰਮਣੀ ਅਕਾਲੀ ਦਲ ਦੇ ਸੈਂਕੜੇ ਮਾਰਚ ਕਰਦੇ ਦਿੱਲੀ ਵਿਚ ਨੇਤਾਵਾਂ ਦੀ ਕਿਸਾਨੀ ਮੰਗਾਂ ਦੇ ਹੱਕ ਵਿਚ ਦਿ੍ੜ੍ਹਤਾ ਨੂੰ  ਛੋਟਾ ਕੀਤਾ | ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ਵਿਚ ਲਗਾਤਾਰ ਦੂਜੇ ਦਿਨ ਅੱਜ ਸੀਨੀਅਰ ਨੇਤਾ, ਸਾਬਕਾ ਮੰਤਰੀ ਤੇ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਿਲਜੀਤ ਸਿੰਘ ਚੀਮਾ, ਕੋਰ ਕਮੇਟੀ ਮੈਂਬਰ ਮਹੇਸ਼ਇੰਦਰ ਗਰੇਵਾਲ ਅਤੇ ਹੋਰ ਲੀਡਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਖੇਤੀ ਕਾਨੂੰਨਾਂ ਨੂੰ  ਰੱਦ ਕਰਵਾਉਣ, ਐਮਐਸਪੀ ਨੂੰ  ਕਾਨੂੰਨੀ ਗਰੰਟੀ ਦਿਵਾਉਣ ਤੇ ਫ਼ਸਲਾਂ ਦੀ ਖ਼ਰੀਦ ਜ਼ਰੂਰ ਕਰਵਾਉਣ ਦੇ ਹੱਕ ਵਿਚ ਹਮੇਸ਼ਾ ਦੂਜੇ ਦਲਾਂ ਤੋਂ ਅੱਗੇ ਰਹੇਗਾ | ਪਰ ਗੁੱਸਾ ਤੇ ਰੋਸ ਪ੍ਰਗਟ ਕਰਦਿਆਂ ਇਨ੍ਹਾਂ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਅਪਣੇ ਵਰਕਰਾਂ, ਦਿ੍ੜ, ਟਕਸਾਲੀ ਨੇਤਾਵਾਂ ਦੀਆਂ ਦਾੜ੍ਹੀਆਂ ਪੁਟਵਾ ਕੇ ਕੇਸਾਂ ਦੀ ਬੇਅਦਬੀ ਕਰਵਾ ਕੇ ਚੁੱਪ ਨਹੀਂ ਬੈਠ ਸਕਦੀ | 
ਉਨ੍ਹਾਂ ਸ. ਰਾਜੇਵਾਲ ਸਮੇਤ ਬਾਕੀ ਕਿਸਾਨ ਨੇਤਾਵਾਂ ਨੂੰ  ਤਾੜਨਾ ਕੀਤੀ ਕਿ ਗੁੰਡਾ ਅਨਸਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਵਿਰੁਧ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਡੇ ਹਵਾਲੇ ਕਰੋ, ਪੁਲਿਸ ਐਕਸ਼ਨ, ਤੇ ਪਰਚੇ ਦਰਜ ਅਸੀ ਕਰਵਾਉਂਦੇ ਹਾਂ | ਇਨ੍ਹਾਂ ਅਕਾਲੀ ਨੇਤਾਵਾਂ ਨੇ ਇਹ ਵੀ ਰੋਸ ਤੇ ਦੁੱਖ ਜ਼ਾਹਰ ਕੀਤਾ ਕਿ ਕਿਸਾਨੀ ਸੰਘਰਸ਼ ਨੂੰ  ਇਕ ਸਾਲ ਚਲਦੇ ਨੂੰ  ਹੋ ਗਿਆ, ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ, ਅਕਾਲੀ ਦਲ ਦੀ ਤਨੋਂ ਮਨੋਂ  ਧਨੋਂ ਪੂਰੀ ਮਦਦ ਹੈ ਅਤੇ ਜਾਰੀ ਰਹੇਗੀ ਪਰ ਸ਼ਰਾਰਤੀ ਅਤੇ ਨਸ਼ੇ ਵਿਚ ਧੁੱਤ ਗੁੰਡਾ ਅਨਸਰ ਇਸ ਸੰਘਰਸ਼ ਨੂੰ  ਲੀਹੋ ਲਾਹੁਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ |
ਅਕਾਲੀ ਨੇਤਾਵਾਂ ਨੇ ਸਿੱਖ ਇਤਿਹਾਸ ਵਿਚੋਂ ਮਿਸਾਲਾਂ ਦੇ ਕੇ ਦੁਹਰਾਇਆ ਕਿ ਬਾਕੀ ਸਿਆਸੀ ਪਾਰਟੀਆਂ ਤੋਂ ਵਖਰੇ ਰੂਪ ਵਿਚ ਹੀ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਦਾ ਸਾਥ ਦਿਤਾ ਹੈ | ਮੁਫ਼ਤ ਬਿਜਲੀ, ਪਾਣੀ, ਮਾਫ਼ੀਆ ਮਾਫ਼ ਕਰਨਾ, ਮੰਡੀਆਂ ਸਥਾਪਤ ਕਰਨਾ, ਨਹਿਰੀ ਪਾਣੀ, ਐਸ.ਵਾਈ.ਐਲ ਤੇ ਸਟੈਂਡ ਅਤੇ ਹੁਣ ਕੇਂਦਰ ਦੀ ਕੈਬਨਿਟ ਵਿਚੋਂ ਹਰਸਿਮਰਤ ਕੌਰ ਦਾ ਅਸਤੀਫ਼ਾ, ਐਨ.ਡੀ.ਏ. ਤੋਂ 25 ਸਾਲ ਪੁਰਾਣਾ ਰਿਸ਼ਤਾ ਤੋੜਨਾ ਤੇ ਹੋਰ ਅਨੇਕਾਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਪੋ੍ਰ. ਚੰਦੂਮਾਜਰਾ ਅਤੇ ਹੋਰ ਅਕਾਲੀ ਨੇਤਾਵਾਂ ਨੇ ਇਹ ਵੀ ਅਪੀਲ ਕੀਤੀ ਕਿ ਗੰਦੀ ਰਾਜਨੀਤੀ ਨੂੰ  ਇਸ ਪਵਿੱਤਰ ਕਿਸਾਨੀ ਸੰਘਰਸ਼ ਤੋਂ ਦੂਰ ਰੱਖੋ ਅਤੇ ਸਰਕਾਰੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਤੋਂ ਬਚ ਕੇ ਰਹੋ |
ਫ਼ੋਟੋ: ਸੰਤੋਖ ਸਿੰਘ ਵਲੋਂ