ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਚ ਆਈਪੀਐਲ ਦੇ ਪ੍ਰਸਾਰਣ ਤੇ ਲਾਈ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਚ ਆਈਪੀਐਲ ਦੇ ਪ੍ਰਸਾਰਣ ਤੇ ਲਾਈ ਪਾਬੰਦੀ

image

ਸਟੇਡੀਅਮ ਵਿਚ ਲੜਕੀਆਂ ਦੇ ਨੱਚਣ ਅਤੇ ਖੁਲ੍ਹੇ ਵਾਲਾਂ ਵਾਲੀਆਂ ਔਰਤਾਂ ਦੀ ਮੌਜੂਦਗੀ ਕਾਰਨ ਲਿਆ ਫ਼ੈਸਲਾ
 

ਨਵੀਂ ਦਿੱਲੀ, 21 ਸਤੰਬਰ : ਤਾਲਿਬਾਨ ਸ਼ਾਸਤ ਅਫ਼ਗ਼ਾਨਿਸਤਾਨ ਨੇ ਸਟੇਡੀਅਮਾਂ ’ਚ ‘ਮਹਿਲਾ ਦਰਸ਼ਕਾਂ’ ਦੀ ਮੌਜੂਦਗੀ ਨੂੰ ਲੈ ਕੇ ਦੇਸ਼ ’ਚ ਬਹੁਤ ਮਸ਼ਹੂਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪ੍ਰਸਾਰਣ ’ਤੇ ਰੋਕ ਲਗਾ ਦਿਤੀ ਹੈ। ਪਿਛਲੇ ਮਹੀਨੇ ਜਦੋਂ ਤੋਂ ਤਾਲਿਬਾਨ ਨੇ ਸੰਘਰਸ਼-ਗ੍ਰਸਤ ਦੇਸ਼ ਦਾ ਕੰਟਰੋਲ ਸੰਭਾਲਿਆ ਹੈ, ਕੌਮਾਂਤਰੀ ਖੇਡ ਭਾਈਚਾਰਾ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਪ੍ਰਤੀ ਕੱਟੜਪੰਥੀ ਸਮੂਹ ਦੇ ਰੁਖ ਨੂੰ ਲੈ ਕੇ ਚਿੰਤਤ ਹੈ।
ਅਫ਼ਗ਼ਾਨਿਸਤਾਨ ਕਿ੍ਰਕਟ ਬੋਰਡ (ਏਸੀਬੀ) ਦੇ ਸਾਬਕਾ ਮੀਡੀਆ ਮੈਨੇਜਰ ਅਤੇ ਪੱਤਰਕਾਰ ਐਮ ਇਬਰਾਹਿਮ ਮੋਮੰਦ ਨੇ ਕਿਹਾ ਕਿ ਕਥਿਤ “ਇਸਲਾਮ ਵਿਰੋਧੀ’’ ਸਮਗਰੀ ਦੇ ਕਾਰਨ ਆਈਪੀਐਲ ਮੈਚਾਂ ਦੇ ਲਾਈਵ ਪ੍ਰਸਾਰਣ ’ਤੇ ਪਾਬੰਦੀ ਲਗਾਈ ਗਈ ਹੈ। ਐਤਵਾਰ ਨੂੰ ਆਈਪੀਐਲ ਦੀ ਸ਼ੁਰੂਆਤ ਤੇ, ਮੋਮੰਦ ਨੇ ਟਵੀਟ ਕੀਤਾ ਸੀ, “ਕਥਿਤ ਤੌਰ ’ਤੇ ਇਸਲਾਮ ਵਿਰੋਧੀ ਸਮਗਰੀ ਦੇ ਕਾਰਨ ਅਫ਼ਗ਼ਾਨਿਸਤਾਨ ਨੈਸ਼ਨਲ (ਟੀਵੀ) ਹਮੇਸ਼ਾ ਦੀ ਤਰ੍ਹਾਂ ਆਈਪੀਐਲ ਨੂੰ ਪ੍ਰਸਾਰਿਤ ਨਹੀਂ ਕਰੇਗਾ। ਤਾਲਿਬਾਨ ਇਸਲਾਮਿਕ ਅਮੀਰਾਤ ਨੇ ਲੜਕੀਆਂ ਦੇ ਨਾਚ ਅਤੇ ਸਟੇਡੀਅਮ ਵਿਚ ਖੁਲ੍ਹੇ ਵਾਲਾਂ ਵਾਲੀਆਂ ਔਰਤਾਂ ਦੀ ਮੌਜੂਦਗੀ ਦੇ ਕਾਰਨ ਇਸ ’ਤੇ ਪਾਬੰਦੀ ਲਗਾਈ ਹੈ।
ਇਕ ਹੋਰ ਪੱਤਰਕਾਰ ਫ਼ਵਾਦ ਅਮਾਨ ਨੇ ਟਵੀਟ ਕੀਤਾ, “ਹਾਸੋਹੀਣਾ: ਤਾਲਿਬਾਨ ਨੇ ਅਫ਼ਗ਼ਾਨਿਸਤਾਨ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪ੍ਰਸਾਰਣ ’ਤੇ ਪਾਬੰਦੀ ਲਗਾ ਦਿਤੀ ਹੈ।’’
ਫ਼ਵਾਦ ਦੇ ਟਵਿੱਟਰ ਹੈਂਡਲ ਅਨੁਸਾਰ, ਉਸਨੇ ਰਖਿਆ ਮੰਤਰਾਲੇ ਦੇ ਬੁਲਾਰੇ ਵਜੋਂ ਵੀ ਸੇਵਾ ਨਿਭਾਈ ਹੈ। ਉਨ੍ਹਾਂ ਅੱਗੇ ਲਿਖਿਆ, “ਤਾਲਿਬਾਨ ਨੇ ਚਿਤਾਵਨੀ ਦਿਤੀ ਹੈ ਕਿ ਲੜਕੀਆਂ ਦੇ ਨੱਚਣ ਅਤੇ ਸਟੇਡੀਅਮ ਵਿਚ ਮਹਿਲਾ ਦਰਸ਼ਕਾਂ ਦੀ ਮੌਜੂਦਗੀ ਦੇ ਕਾਰਨ ਅਫ਼ਗ਼ਾਨਿਸਤਾਨ ਦੇ ਮੀਡੀਆ ਨੂੰ ਇਸ ਇੰਡੀਅਨ ਕਿ੍ਰਕਟ ਲੀਗ ਦਾ ਪ੍ਰਸਾਰਣ ਨਹੀਂ ਕਰਨਾ ਚਾਹੀਦਾ।’’ ਰਾਸ਼ਿਦ ਖ਼ਾਨ, ਮੁਹਮੰਦ ਨਬੀ ਅਤੇ ਮੁਜੀਬਉਰ ਰਹਿਮਾਨ ਵਰਗੇ ਅਫ਼ਗ਼ਾਨੀ ਕ੍ਰਿਕਟਰ ਆਈਪੀਐਨ 2021 ਵਿਚ ਹਿੱਸਾ ਲੈ ਰਹੇ ਹਨ।        (ਏਜੰਸੀ)